Big update on Punjab Assembly Election dates!
ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਾਰੀਖ਼ਾਂ ਬਾਰੇ ਵੱਡੀ ਅਪਡੇਟ!
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)- ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦੀਆਂ ਤਾਰੀਖ਼ਾਂ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ। ਇਹ ਚੋਣਾਂ ਅਗਲੇ ਸਾਲ ਯਾਨੀ 2027 ਦੀ ਸ਼ੁਰੂਆਤ ਵਿਚ ਹੋਣ ਦੀ ਸੰਭਾਵਨਾ ਹੋਰ ਮਜ਼ਬੂਤ ਹੋ ਗਈ ਹੈ। ਦਰਅਸਲ, ਪਹਿਲਾਂ ਕਈ ਸਿਆਸੀ ਆਗੂਆਂ ਵੱਲੋਂ ਇਹ ਸੰਭਾਵਨਾ ਜਤਾਈ ਜਾ ਰਹੀ ਸੀ ਕਿ ਇਹ ਚੋਣਾਂ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ਹੋ ਸਕਦੀਆਂ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ 2026 ਦੇ ਅਖ਼ੀਰ ਵਿਚ ਹੋ ਸਕਦੀਆਂ ਹਨ। ਇਸ ਪਿੱਛੇ ਮਰਦਮਸ਼ੁਮਾਰੀ ਦਾ ਤਰਕ ਦਿੱਤਾ ਜਾ ਰਿਹਾ ਸੀ ਕਿ ਅਗਲੇ ਸਾਲ ਹੋਣ ਵਾਲੀ ਮਰਦਮਸ਼ੁਮਾਰੀ ਦੇ ਮੱਦੇਨਜ਼ਰ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਇਸੇ ਸਾਲ ਦੇ ਅਖ਼ੀਰ ਵਿਚ ਹੋ ਸਕਦੀਆਂ ਹਨ। ਹੁਣ ਕੇਂਦਰ ਸਰਕਾਰ ਨੇ ਮਰਦਮਸ਼ੁਮਾਰੀ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬ ਵਿਚ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਮਰਦਮਸ਼ੁਮਾਰੀ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸਬੰਧੀ ਜਾਰੀ ਨੋਟੀਫਿਕੇਸ਼ਨ ਮੁਤਾਬਕ ਪੰਜਾਬ ਸਮੇਤ ਚਾਰ ਸੂਬਿਆਂ—ਪੰਜਾਬ, ਉੱਤਰ ਪ੍ਰਦੇਸ਼, ਗੋਆ ਅਤੇ ਉੱਤਰਾਖੰਡ ਦੇ ਗੈਰ-ਬਰਫ਼ੀਲੇ ਇਲਾਕਿਆਂ ਵਿਚ ਮਰਦਮਸ਼ੁਮਾਰੀ ਦੀ ਆਬਾਦੀ ਗਿਣਤੀ ਪਹਿਲਾਂ ਕਰਵਾਈ ਜਾਵੇਗੀ। 5 ਤੋਂ 9 ਜਨਵਰੀ ਤੱਕ ਰਿਵੀਜ਼ਨਲ ਰਾਊਂਡ ਹੋਵੇਗਾ। ਪੰਜਾਬ ਲਈ ਮਰਦਮਸ਼ੁਮਾਰੀ ਦੀ ਰੈਫਰੈਂਸ ਡੇਟ 5 ਜਨਵਰੀ 2027 ਰੱਖੀ ਗਈ ਹੈ। ਭਾਵੇਂ ਅਧਿਕਾਰਤ ਤੌਰ ‘ਤੇ ਇਸ ਨੋਟੀਫ਼ਿਕੇਸ਼ਨ ਨਾਲ ਚੋਣ ਤਾਰੀਖਾਂ ਦਾ ਕੋਈ ਸਿੱਧਾ ਫ਼ੈਸਲਾ ਜੁੜਿਆ ਨਹੀਂ ਹੈ, ਪਰ ਇਸ ਨਾਲ ਇਹ ਜ਼ਰੂਰ ਸਪਸ਼ਟ ਹੋ ਗਿਆ ਹੈ ਕਿ ਪੰਜਾਬ ਵਿਚ ਚੋਣਾਂ ਤੋਂ ਪਹਿਲਾਂ ਹੀ ਮਰਦਮਸ਼ੁਮਾਰੀ ਦਾ ਕੰਮ ਮੁਕੰਮਲ ਕੀਤਾ ਜਾਵੇਗਾ। ਇਸ ਦਾ ਮਤਲਬ ਹੈ ਕਿ ਚੋਣਾਂ ਆਪਣੇ ਨਿਰਧਾਰਤ ਸਮੇਂ ‘ਤੇ ਹੀ ਹੋਣਗੀਆਂ। ਪੰਜਾਬ ਵਿਧਾਨ ਸਭਾ ਦਾ ਮੌਜੂਦਾ ਕਾਰਜਕਾਲ 16 ਮਾਰਚ 2027 ਤੱਕ ਹੈ। ਇਸ ਲਈ ਨਵੀਂ ਵਿਧਾਨ ਸਭਾ ਦੀ ਚੋਣ ਇਸ ਤੋਂ ਪਹਿਲਾਂ ਕਰਵਾਉਣੀ ਲਾਜ਼ਮੀ ਹੋਵੇਗੀ। ਇਸੇ ਕਾਰਨ ਪੰਜਾਬ ਵਿਚ ਜਨਵਰੀ ਦੇ ਅਖੀਰ ਜਾਂ ਫਰਵਰੀ 2027 ਵਿਚ ਚੋਣਾਂ ਹੋਣ ਦੀ ਸੰਭਾਵਨਾ ਹੈ। ਹਾਲਾਂਕਿ, ਇਸ ਬਾਰੇ ਆਖ਼ਰੀ ਫ਼ੈਸਲਾ ਚੋਣ ਕਮਿਸ਼ਨ ਨੇ ਹੀ ਲੈਣਾ ਹੈ।

