Governments should ensure safety of Sikhs in Canada and America: Advocate Dhami
ਕੈਨੇਡਾ ਤੇ ਅਮਰੀਕਾ ‘ਚ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਸਰਕਾਰਾਂ: ਐਡਵੋਕੇਟ ਧਾਮੀ
ਅੰਮ੍ਰਿਤਸਰ (ਆਵਾਜ਼ਿ ਕੌਮ ਬਿਊਰੋ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵਿਦੇਸ਼ਾਂ, ਖਾਸ ਕਰਕੇ ਕੈਨੇਡਾ ਅਤੇ ਅਮਰੀਕਾ ਵਿੱਚ ਸਿੱਖ ਭਾਈਚਾਰੇ ਅਤੇ ਧਾਰਮਿਕ ਸਥਾਨਾਂ ਵਿਰੁੱਧ ਵਧ ਰਹੀਆਂ ਨਫ਼ਰਤੀ ਘਟਨਾਵਾਂ ’ਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਇਸ ਮੌਕੇ ‘ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਨੇ ਕਿਹਾ ਕਿ ਸਿੱਖੀ ਦਾ ਮੁੱਖ ਸੰਕਲਪ ‘ਸਰਬੱਤ ਦੇ ਭਲੇ’ ‘ਤੇ ਆਧਾਰਿਤ ਹੈ। ਇਸ ਵਿੱਚ ਕਿਸੇ ਪ੍ਰਤੀ ਨਫ਼ਰਤ, ਜਾਤ-ਪਾਤ ਜਾਂ ਊਚ-ਨੀਚ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਸ਼ਬਦ ਦੀ ਨੀਂਹ ਰੱਖੀ ਸੀ, ਉਦੋਂ ਵੀ ਵਿਰੋਧ ਹੋਇਆ ਸੀ, ਪਰ ਗੁਰੂ ਸਾਹਿਬਾਨ ਨੇ ਮਾਨਵਤਾ ਨੂੰ ਸੱਚ ਅਤੇ ਸਮਾਨਤਾ ਦਾ ਰਾਹ ਦਿਖਾਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭ ਦੇ ਸਾਂਝੇ ਹਨ, ਜਿਸ ਵਿੱਚ ਭਗਤਾਂ, ਭੱਟਾਂ ਅਤੇ ਗੁਰਸਿੱਖਾਂ ਦੀ ਬਾਣੀ ਦਰਜ ਹੈ। ਸਿੱਖ ਹਰ ਰੋਜ਼ ਅਰਦਾਸ ਦੇ ਅੰਤ ਵਿੱਚ ‘ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ’ ਮੰਗਦਾ ਹੈ। ਐਡਵੋਕੇਟ ਧਾਮੀ ਨੇ ਕੈਨੇਡਾ ਦੀ ਸਰਕਾਰ ਨੂੰ ਵਿਸ਼ੇਸ਼ ਅਪੀਲ ਕਰਦਿਆਂ ਕਿਹਾ ਕਿ ਉੱਥੇ ਪੰਜਾਬੀ ਦੂਜੀ ਵੱਡੀ ਭਾਸ਼ਾ ਵਜੋਂ ਜਾਣੀ ਜਾਂਦੀ ਹੈ। ਅੱਜ ਗਲੋਬਲਾਈਜ਼ੇਸ਼ਨ ਦੇ ਦੌਰ ਵਿੱਚ ਕੈਨੇਡਾ ਅਤੇ ਅਮਰੀਕਾ ਦੀ ਅਰਥਵਿਵਸਥਾ ਅਤੇ ਤਰੱਕੀ ਵਿੱਚ ਸਿੱਖਾਂ ਦਾ ਬਹੁਤ ਵੱਡਾ ਯੋਗਦਾਨ ਹੈ। ਕਿਸੇ ਸਮੇਂ ਪੰਜਾਬ ਤੋਂ ਬਾਹਰ ਪੈਸੇ ਆਉਂਦੇ ਸਨ, ਪਰ ਅੱਜ ਪੰਜਾਬੀ ਉੱਥੇ ਵੱਡੇ ਕਾਰੋਬਾਰ ਸਥਾਪਤ ਕਰਕੇ ਉੱਥੋਂ ਦੇ ਵਿਕਾਸ ਵਿੱਚ ਹਿੱਸਾ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਧਰਮ ਦੇ ਗਿਆਨ ਤੋਂ ਸਾਕਤ ਅਤੇ ਨਫ਼ਰਤ ਫੈਲਾਉਣ ਵਾਲੇ ਕੁਝ ਅਨਸਰ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ। ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਯਤਨਸ਼ੀਲ ਹੋ ਕੇ ਅਜਿਹੀਆਂ ਅਣਸੁਖਾਵੀਆਂ ਘਟਨਾਵਾਂ ‘ਤੇ ਠੱਲ੍ਹ ਪਾਉਣ। ਉਨ੍ਹਾਂ ਦੁਹਰਾਇਆ ਕਿ ਸਿੱਖ ਧਰਮ ਦੀ ਖੂਬਸੂਰਤੀ ਇਹ ਹੈ ਕਿ ਇਹ ਗੁਰਸ਼ਬਦ ਦੀ ਸ਼ਰਨ ਵਿੱਚ ਆਉਣ ਵਾਲੇ ਹਰ ਮਨੁੱਖ ਨੂੰ ਗਲਵਕੜੀ ਲਗਾ ਕੇ ਬਖਸ਼ ਲੈਂਦਾ ਹੈ।

