Bloody clash in Tarn Taran: Gunfire erupts behind 2 kanals of panchayat land, 5 injured
ਤਰਨਤਾਰਨ ‘ਚ ਖ਼ੂਨੀ ਟਕਰਾਅ: 2 ਕਨਾਲ ਪੰਚਾਇਤੀ ਜ਼ਮੀਨ ਪਿੱਛੇ ਚੱਲੀਆਂ ਤਾਬੜਤੋੜ ਗੋਲੀਆਂ, 5 ਜ਼ਖਮੀ
ਤਰਨਤਾਰਨ (ਆਵਾਜ਼ਿ ਕੌਮ ਬਿਊਰੋ)-ਪੰਚਾਇਤੀ ਜ਼ਮੀਨ ’ਤੇ ਕਬਜ਼ੇ ਨੂੰ ਲੈ ਕੇ 2 ਸਿਆਸੀ ਪਾਰਟੀਆਂ ’ਚ ਤਕਰਾਰ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਵਿਧਾਨ ਸਭਾ ਹਲਕਾ ਪੱਟੀ ਅਧੀਨ ਆਉਂਦੇ ਭੰਗਾਲਾ ਵਿਖੇ ਪਿੰਡ ਦੀ ਸਰਕਾਰੀ ਪੰਚਾਇਤੀ 2 ਕਨਾਲ ਜ਼ਮੀਨ ਨੂੰ ਲੈ ਕੇ ਬਿੱਕਰ ਸਿੰਘ ਅਤੇ ਸਰਪੰਚ ਜਰਮਨ ਸਿੰਘ ਦੇ ਦਰਮਿਆਨ ਕਾਫੀ ਦਿਨਾਂ ਤੋਂ ਤਕਰਾਰ ਚੱਲ ਰਿਹਾ ਸੀ। ਇਹ ਸਰਕਾਰੀ ਜ਼ਮੀਨ ਸਰਕਾਰੀ ਸਕੂਲ ਦੇ ਅਧੀਨ ਆਉਂਦੀ ਹੈ। ਪਰੰਤੂ ਬੀਤੇ ਲੰਮੇ ਸਮੇਂ ਤੋਂ ਬਿੱਕਰ ਸਿੰਘ ਵੱਲੋਂ ਜ਼ਮੀਨ ਨੂੰ ਲੈ ਕੇ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੀ ਕਿਉਂਕਿ ਇਹ ਸਰਕਾਰੀ ਜ਼ਮੀਨ ਉਸਦੇ ਕਬਜ਼ੇ ਅਧੀਨ ਸੀ। ਸ਼ੁੱਕਰਵਾਰ ਸਵੇਰੇ ਦੋਵਾਂ ਪਾਰਟੀਆਂ ਦੇ ਮੈਂਬਰਾਂ ’ਚ ਤਕਰਾਰ ਹੁੰਦਾ ਰਿਹਾ, ਜਿਸ ਤੋਂ ਬਾਅਦ ਆਪਸ ਵਿੱਚ ਹੋਈ ਧੱਕਾਮੁੱਕੀ ਤੋਂ ਬਾਅਦ ਇਸ ਮਾਮਲੇ ਨੂੰ ਸ਼ਾਂਤ ਕਰ ਦਿੱਤਾ ਗਿਆ। ਪ੍ਰੰਤੂ ਦੇਰ ਸ਼ਾਮ ਪਿੰਡ ਭੰਗਾਲਾ ਵਿਖੇ ਬਿੱਕਰ ਸਿੰਘ ਦੇ ਘਰ ਨੂੰ ਜਾਣ ਵਾਲੇ ਰਸਤੇ ਦੀ ਸੜਕ ਉੱਪਰ ਦੋਵਾਂ ਪਾਰਟੀਆਂ ਦਰਮਿਆਨ ਤਿੱਖਾ ਤਕਰਾਰ ਸ਼ੁਰੂ ਹੋ ਗਿਆ, ਜਿਸ ਤੋਂ ਬਾਅਦ ਜਰਮਨ ਸਿੰਘ ਅਤੇ ਉਸਦੇ ਸਾਥੀਆਂ ਵੱਲੋਂ ਬਿੱਕਰ ਸਿੰਘ ਅਤੇ ਉਸਦੇ ਸਾਥੀਆਂ ਉੱਪਰ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਗਈ। ਇਸ ਫਾਇਰਿੰਗ ਦੌਰਾਨ ਬਿੱਕਰ ਸਿੰਘ ਤੇ ਉਸਦੇ ਸਾਥੀ ਬਲਜੀਤ ਸਿੰਘ, ਹਜ਼ਾਰਾ ਸਿੰਘ, ਸੁਖਵਿੰਦਰ ਸਿੰਘ ਅਤੇ ਮਹਿੰਦਰ ਸਿੰਘ ਗੋਲੀਆਂ ਲੱਗਣ ਨਾਲ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ’ਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਇਸ ਉਪਰੰਤ ਜਰਮਨ ਸਿੰਘ ਵੱਲੋਂ ਬਿੱਕਰ ਸਿੰਘ ਦੇ ਘਰ ’ਤੇ ਵੀ ਫਾਇਰਿੰਗ ਕੀਤੀ ਗਈ ਅਤੇ ਉਸ ਦੀ ਕਾਰ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਗਿਆ। ਮਿਲੀ ਜਾਣਕਾਰੀ ਅਨੁਸਾਰ ਇਕ ਵਿਅਕਤੀ ਦੀ ਅੱਖ ਉੱਪਰ ਗੋਲੀ ਲੱਗਣ ਨਾਲ ਉਸਦੀ ਨਜ਼ਰ ਸਦਾ ਲਈ ਚਲੇ ਜਾਣ ਦਾ ਵੀ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਮੌਕੇ ’ਤੇ ਪੁੱਜੀ ਥਾਣਾ ਸਦਰ ਪੱਟੀ ਦੀ ਪੁਲਸ ਪਾਰਟੀ ਨੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਪੱਟੀ ਰਵੀ ਸ਼ੇਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ’ਚ ਪੁਲਸ ਵੱਲੋਂ ਸਰਪੰਚ ਜਰਮਨ ਸਿੰਘ ਅਤੇ ਉਸਦੇ ਸਾਥੀਆਂ ਖਿਲਾਫ ਪਰਚਾ ਦਰਜ ਕਰਦੇ ਹੋਏ ਗ੍ਰਿਫਤਾਰੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

