‘BOMB’ written on tissue paper found; emergency landing of passenger-filled IndiGo flight
ਟਿਸ਼ੂ ਪੇਪਰ ‘ਤੇ ਲਿਖਿਆ ਮਿਲਿਆ ‘BOMB’, ਯਾਤਰੀਆਂ ਨਾਲ ਭਰੀ ਇੰਡੀਗੋ ਫਲਾਈਟ ਦੀ ਐਮਰਜੈਂਸੀ ਲੈਂਡਿੰਗ
ਅਹਿਮਦਾਬਾਦ (ਆਵਾਜ਼ਿ ਕੌਮ ਬਿਊਰੋ)- ਲਖਨਊ ਤੋਂ ਦਮਾਮ (ਸਊਦੀ ਅਰਬ) ਜਾ ਰਹੀ ਇੰਡੀਗੋ ਦੀ ਇੱਕ ਉਡਾਣ ਦੀ ਅਹਿਮਦਾਬਾਦ ਹਵਾਈ ਅੱਡੇ ‘ਤੇ ਹੰਗਾਮੀ (ਐਮਰਜੈਂਸੀ) ਲੈਂਡਿੰਗ ਕਰਵਾਈ ਗਈ। ਪੁਲਸ ਅਨੁਸਾਰ ਜਹਾਜ਼ ਦੇ ਅੰਦਰ ਟਿਸ਼ੂ ਪੇਪਰ ‘ਤੇ ਅੰਗਰੇਜ਼ੀ ਵਿੱਚ ‘BOMB’ ਲਿਖਿਆ ਹੋਇਆ ਮਿਲਿਆ ਸੀ, ਜਿਸ ਤੋਂ ਬਾਅਦ ਸ਼ਾਮ 5:55 ਵਜੇ ਜਹਾਜ਼ ਨੂੰ ਅਹਿਮਦਾਬਾਦ ਹਵਾਈ ਅੱਡੇ ‘ਤੇ ਉਤਾਰਿਆ ਗਿਆ। ਇਸ ਫਲਾਈਟ ਵਿੱਚ ਕਰੂ ਮੈਂਬਰਾਂ ਸਮੇਤ ਕੁੱਲ 133 ਲੋਕ ਸਵਾਰ ਸਨ, ਜਿਨ੍ਹਾਂ ਵਿੱਚ 120 ਤੋਂ ਵੱਧ ਯਾਤਰੀ ਸ਼ਾਮਲ ਸਨ। ਜਹਾਜ਼ ਵਿੱਚ ਤਾਇਨਾਤ ਕਰੂ ਮੈਂਬਰ ਨੂੰ ਟਿਸ਼ੂ ਪੇਪਰ ‘ਤੇ ਬੰਬ ਲਿਖਿਆ ਹੋਇਆ ਸ਼ੱਕੀ ਨੋਟ ਮਿਲਣ ਤੋਂ ਬਾਅਦ ਮਾਮਲੇ ਦੀ ਜਾਣਕਾਰੀ ਤੁਰੰਤ ਪਾਇਲਟ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਉਡਾਣ ਨੂੰ ਅਹਿਮਦਾਬਾਦ ਵੱਲ ਮੋੜਿਆ (ਡਾਇਵਰਟ ਕੀਤਾ) ਗਿਆ। ਹਵਾਈ ਅੱਡੇ ‘ਤੇ ਜਹਾਜ਼ ਦੇ ਉੱਤਰਦੇ ਹੀ ਸੀ.ਆਈ.ਐੱਸ.ਐੱਫ. (CISF), ਫਾਇਰ ਬ੍ਰਿਗੇਡ, ਬੰਬ ਨਿਰੋਧਕ ਦਸਤੇ ਅਤੇ ਡੌਗ ਸਕੁਆਡ ਦੀਆਂ ਟੀਮਾਂ ਤੁਰੰਤ ਸਰਗਰਮ ਹੋ ਗਈਆਂ। ਜਹਾਜ਼ ‘ਚੋਂ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਫਲਾਈਟ ਦੀ ਐਮਰਜੈਂਸੀ ਲੈਂਡਿੰਗ ਦੇ ਸਹੀ ਅਤੇ ਠੋਸ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਸੁਰੱਖਿਆ ਏਜੰਸੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸਾਰੇ ਯਾਤਰੀਆਂ ਤੋਂ ਟਿਸ਼ੂ ਪੇਪਰ ‘ਤੇ ਲਿਖਵਾ ਕੇ ਉਨ੍ਹਾਂ ਦੀ ਲਿਖਾਈ (ਹੈਂਡਰਾਈਟਿੰਗ) ਦੇ ਸੈਂਪਲ ਲਏ ਜਾ ਰਹੇ ਹਨ।

