Canada’s appointment of Angad Singh Dhillon as Ambassador to the UAE (Dubai) is a matter of great pride for the entire Sikh community and Punjabis—Karnail Singh Peer Mohammad
ਕੈਨੇਡਾ ਵੱਲੋਂ ਅੰਗਦ ਸਿੰਘ ਢਿੱਲੋਂ ਨੂੰ ਯੂ.ਏ.ਈ. (ਦੁਬਈ) ‘ਚ ਰਾਜਦੂਤ ਨਿਯੁਕਤ ਕਰਨਾ ਪੂਰੀ ਸਿੱਖ ਕੌਮ ਅਤੇ ਪੰਜਾਬੀਆਂ ਲਈ ਵੱਡੇ ਮਾਣ ਵਾਲੀ ਗੱਲ—ਕਰਨੈਲ ਸਿੰਘ ਪੀਰ ਮੁਹੰਮਦ * ਪ੍ਰਵਾਸੀ ਸਿੱਖ ਨੌਜਵਾਨਾਂ ਦੀਆਂ ਪ੍ਰਾਪਤੀਆਂ ਵਿਸ਼ਵ ਭਰ ਵਿੱਚ ਪੰਜਾਬੀਅਤ ਦਾ ਨਾਂ ਰੋਸ਼ਨ ਕਰ ਰਹੀਆਂ ਹਨ: ਕਰਨੈਲ ਸਿੰਘ ਪੀਰਮੁਹੰਮਦ
Chandigarh, (ਆਵਾਜ਼ਿ ਕੌਮ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਪੁਨਰਸਰਜੀਤ ਦੇ ਮੁੱਖ ਬੁਲਾਰੇ ਅਤੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਕਰਨੈਲ ਸਿੰਘ ਪੀਰਮੁਹੰਮਦ ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਕੈਨੇਡਾ ਸਰਕਾਰ ਵੱਲੋਂ ਨੌਜਵਾਨ ਸਿੱਖ ਅੰਗਦ ਸਿੰਘ ਢਿੱਲੋਂ ਨੂੰ ਸੰਯੁਕਤ ਅਰਬ ਅਮੀਰਾਤ (ਯੂ.ਏ.ਈ. – ਦੁਬਈ) ਵਿਖੇ ਆਪਣਾ ਅੰਬੈਸਡਰ (ਰਾਜਦੂਤ) ਨਿਯੁਕਤ ਕੀਤੇ ਜਾਣ ਨਾਲ ਵਿਸ਼ਵ ਭਰ ਵਿੱਚ ਵੱਸਦੇ ਸਿੱਖ ਭਾਈਚਾਰੇ ਅਤੇ ਪੰਜਾਬੀਆਂ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ। ਇਹ ਨਿਯੁਕਤੀ ਪੂਰੀ ਸਿੱਖ ਕੌਮ ਲਈ ਇੱਕ ਬਹੁਤ ਹੀ ਮਾਣਮੱਤਾ ਪਲ ਹੈ।
ਅੰਗਦ ਸਿੰਘ ਢਿੱਲੋਂ ਪੰਜਾਬ ਦੇ ਪ੍ਰਸਿੱਧ ਉਦਯੋਗਿਕ ਅਤੇ ਰਾਜਨੀਤਿਕ ਘਰਾਣੇ ਨਾਲ ਸਬੰਧ ਰੱਖਦੇ ਹਨ। ਉਹ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਸਾਬਕਾ ਚੇਅਰਮੈਨ ਸਵਰਗੀ ਸਰਦਾਰ ਜਗਜੀਤ ਸਿੰਘ ਘੁੰਗਰਾਣਾ ਦੇ ਪੋਤੇ ਹਨ। ਘੁੰਗਰਾਣਾ ਸਾਹਿਬ ਇੱਕ ਬਹੁਤ ਹੀ ਨੇਕ, ਇਮਾਨਦਾਰ ਅਤੇ ਦੂਰਅੰਦੇਸ਼ ਸ਼ਖ਼ਸੀਅਤ ਸਨ, ਜਿਨ੍ਹਾਂ ਨੇ ਪੰਜਾਬ ਦੇ ਉਦਯੋਗਿਕ ਅਤੇ ਖੇਤੀਬਾੜੀ ਖੇਤਰ ਵਿੱਚ ਵੱਡਾ ਯੋਗਦਾਨ ਪਾਇਆ।
ਸਵਰਗੀ ਸਰਦਾਰ ਜਗਜੀਤ ਸਿੰਘ ਘੁੰਗਰਾਣਾ ਨਾਲ ਆਪਣੇ ਖ਼ਾਸ ਲਗਾਓ ਅਤੇ ਯਾਦਾਂ ਨੂੰ ਸਾਂਝਾ ਕਰਦਿਆਂ ਸਰਦਾਰ ਕਰਨੈਲ ਸਿੰਘ ਪੀਰਮੁਹੰਮਦ ਨੇ ਦੱਸਿਆ, “ਘੁੰਗਰਾਣਾ ਸਾਹਿਬ ਨਾਲ ਮੈਨੂੰ ਡਾਇਰੈਕਟਰ ਵਜੋਂ ਕੰਮ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਉਹ ਇੱਕ ਬਹੁਤ ਹੀ ਉੱਚ ਵਿਚਾਰਾਂ ਵਾਲੇ ਅਤੇ ਦਿਆਲੂ ਇਨਸਾਨ ਸਨ। ਮੈਨੂੰ ਅੱਜ ਵੀ ਯਾਦ ਹੈ ਕਿ ਜਦੋਂ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਸਵਰਗੀ ਕੈਪਟਨ ਕੰਵਲਜੀਤ ਸਿੰਘ ਮੇਰੇ ਪਿੰਡ ਪੀਰ ਮੁਹੰਮਦ ਵਿਖੇ ਪਹੁੰਚੇ ਸਨ, ਤਾਂ ਮੇਰੇ ਇੱਕ ਬੁਲਾਵੇ ‘ਤੇ ਘੁੰਗਰਾਣਾ ਸਾਹਿਬ ਉਚੇਚੇ ਤੌਰ ‘ਤੇ ਮੇਰੇ ਨਗਰ ਵਿਖੇ ਆਏ ਸਨ। ਉਨ੍ਹਾਂ ਦਾ ਸਾਡੇ ਪਰਿਵਾਰ ਅਤੇ ਇਲਾਕੇ ਨਾਲ ਗੂੜ੍ਹਾ ਪਿਆਰ ਸੀ।”
ਉਨ੍ਹਾਂ ਅੱਗੇ ਦੱਸਿਆ ਕਿ ਅੰਗਦ ਸਿੰਘ ਢਿੱਲੋਂ ਨੇ ਆਪਣੀ ਯੋਗਤਾ ਅਤੇ ਮਿਹਨਤ ਦੇ ਬਲਬੂਤੇ ਅੰਤਰਰਾਸ਼ਟਰੀ ਪੱਧਰ ‘ਤੇ ਆਪਣੀ ਵੱਖਰੀ ਪਛਾਣ ਬਣਾਈ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਸਲਾਹਕਾਰ ਵਜੋਂ ਸੇਵਾਵਾਂ ਨਿਭਾਉਂਦਿਆਂ ਉਨ੍ਹਾਂ ਨੇ ਭਾਰਤ ਅਤੇ ਚੀਨ ਨਾਲ ਕੈਨੇਡਾ ਦੇ ਸਫ਼ਾਰਤੀ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਈ ਹੈ। ਇਸ ਤੋਂ ਇਲਾਵਾ ਉਹ ਕੈਨੇਡਾ ਦੇ 2 ਕੈਬਨਿਟ ਮੰਤਰੀਆਂ ਦੇ ਚੀਫ਼ ਆਫ਼ ਸਟਾਫ਼ ਵਜੋਂ ਵੀ ਜ਼ਿੰਮੇਵਾਰੀ ਸੰਭਾਲ ਚੁੱਕੇ ਹਨ।
ਦੁਨੀਆ ਭਰ ਵਿੱਚ ਪ੍ਰਵਾਸੀ ਸਿੱਖਾਂ ਦੇ ਵੱਧਦੇ ਪ੍ਰਭਾਵ ਦਾ ਜ਼ਿਕਰ ਕਰਦਿਆਂ ਸਰਦਾਰ ਪੀਰਮੁਹੰਮਦ ਨੇ ਕਿਹਾ ਕਿ 1985 ਵਿੱਚ ਜਦੋਂ ਭਾਰਤ ਵਿੱਚ ਯੂਗਾਂਡਾ ਦੇ ਅੰਬੈਸਡਰ ਵਜੋਂ ਪਹਿਲੀ ਵਾਰ ਇੱਕ ਸਿੱਖ ਨੂੰ ਨਿਯੁਕਤ ਕੀਤਾ ਗਿਆ ਸੀ, ਤੋਂ ਲੈ ਕੇ ਸਿੰਗਾਪੁਰ, ਆਸਟ੍ਰੇਲੀਆ ਅਤੇ ਯੂ.ਕੇ. ਵਿੱਚ ਉੱਚ ਅਹੁਦਿਆਂ ‘ਤੇ ਸਿੱਖਾਂ ਦੀਆਂ ਨਿਯੁਕਤੀਆਂ ਇਹ ਸਾਬਤ ਕਰਦੀਆਂ ਹਨ ਕਿ ਸਿੱਖ ਭਾਈਚਾਰਾ ਹਰ ਖੇਤਰ ਵਿੱਚ ਮੋਹਰੀ ਹੈ।
ਉਨ੍ਹਾਂ ਅੰਤ ਵਿੱਚ ਕਿਹਾ ਕਿ ਇਹ ਖ਼ਬਰ ਹਰ ਪੰਜਾਬੀ ਲਈ ਮਾਣ ਵਾਲੀ ਹੈ ਅਤੇ ਸਾਡੇ ਨੌਜਵਾਨਾਂ ਲਈ ਵੀ ਪ੍ਰੇਰਨਾ ਦਾ ਸਰੋਤ ਹੈ। ਸਾਨੂੰ ਆਪਣੇ ਸਿੱਖ ਬੱਚਿਆਂ ਤੋਂ ਬਹੁਤ ਵੱਡੀਆਂ ਆਸਾਂ ਹਨ। ਇਹ ਸਮੇਂ ਦੀ ਮੰਗ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਉੱਚੀ ਸਿੱਖਿਆ ਦਿਵਾਈਏ ਤਾਂ ਜੋ ਉਹ ਦੁਨੀਆ ਭਰ ਵਿੱਚ ਸੀਨੀਅਰ ਸਰਕਾਰੀ ਅਤੇ ਸਫ਼ਾਰਤੀ ਅਹੁਦਿਆਂ ‘ਤੇ ਪਹੁੰਚ ਕੇ ਦੇਸ਼ ਅਤੇ ਕੌਮ ਦਾ ਨਾਂ ਰੋਸ਼ਨ ਕਰ ਸਕਣ।


