“Claims on Hormuz are being made from 7,000 miles away..!”, Iran gave a befitting reply to Trump
”7,000 ਮੀਲ ਦੂਰੋਂ ਹੀ ਕਰੀ ਜਾਂਦੇ ਹੋਰਮੁਜ਼ ‘ਤੇ ਦਾਅਵੇ..!”, ਇਰਾਨ ਨੇ ਟਰੰਪ ਨੂੰ ਦਿੱਤਾ ਠੋਕਵਾਂ ਜਵਾਬ
Tehran, (ਆਵਾਜ਼ਿ ਕੌਮ ਬਿਊਰੋ)-ਅਮਰੀਕਾ-ਇਰਾਨ ਦੀ ਜੰਗ ‘ਚ ਹੋਰਮੁਜ਼ ਦੀ ਖਾੜੀ ਸਭ ਤੋਂ ਵੱਡਾ ਮਸਲਾ ਬਣਿਆ ਹੋਇਆ ਹੈ। ਦੋਵੇਂ ਦੇਸ਼ ਇਸ ਬੇਹੱਦ ਅਹਿਮ ਸਮੁੰਦਰੀ ਲਾਂਘੇ ‘ਤੇ ਆਪਣਾ-ਆਪਣਾ ਕਬਜ਼ਾ ਕਰਨ ਦਾ ਦਾਅਵਾ ਕਰ ਰਹੇ ਹਨ। ਇਸੇ ਦੌਰਾਨ ਵਧਦੇ ਫੌਜੀ ਅਤੇ ਸਮੁੰਦਰੀ ਤਣਾਅ ਦੇ ਵਿਚਕਾਰ ਅਮਰੀਕਾ ਅਤੇ ਇਰਾਨ ਵਿਚਾਲੇ ਜ਼ੁਬਾਨੀ ਜੰਗ ਹੋਰ ਤੇਜ਼ ਹੋ ਗਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਹੋਰਮੁਜ਼ ‘ਤੇ ਪੂਰੀ ਤਰ੍ਹਾਂ ਅਮਰੀਕੀ ਕੰਟਰੋਲ ਅਤੇ ਇਸ ਨੂੰ ਅਮਰੀਕੀ ਖੇਤਰ ਐਲਾਨਣ ਦੇ ਬਿਆਨ ਤੋਂ ਬਾਅਦ ਇਰਾਨ ਨੇ ਵੀ ਤਿੱਖਾ ਜਵਾਬ ਦਿੱਤਾ ਹੈ। ਇਰਾਨੀ ਅਧਿਕਾਰੀਆਂ ਅਤੇ ਫ਼ੌਜੀ ਕਮਾਂਡਰਾਂ ਨੇ ਟਰੰਪ ਦੇ ਦਾਅਵੇ ਦਾ ਮਜ਼ਾਕ ਉਡਾਉਂਦਿਆਂ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ 7,000 ਮੀਲ ਦੂਰ ਬੈਠ ਕੇ ਹੋਰਮੁਜ਼ ‘ਤੇ ਕਬਜ਼ਾ ਕਰਨ ਦੇ ਸੁਪਨੇ ਦੇਖ ਰਹੇ ਹਨ। ਇਰਾਨ ਨੇ ਸਪੱਸ਼ਟ ਕੀਤਾ ਕਿ ਇਸ ਲਾਂਘੇ ‘ਤੇ ਤਹਿਰਾਨ ਦੀ ਇਜਾਜ਼ਤ ਤੋਂ ਬਿਨਾਂ ਕੋਈ ਵੀ ਜਹਾਜ਼ ਆ-ਜਾ ਨਹੀਂ ਸਕਦਾ। ਜ਼ਿਕਰਯੋਗ ਹੈ ਕਿ ਇਰਾਨ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਅਮਰੀਕੀ ਪ੍ਰਸ਼ਾਸਨ ਨੇ ਦਾਅਵਾ ਕੀਤਾ ਸੀ ਕਿ ਖੇਤਰ ਵਿੱਚ ਸਮੁੰਦਰੀ ਆਵਾਜਾਈ ਦੀ ਸੁਰੱਖਿਆ ਅਤੇ ਵਪਾਰਕ ਜਹਾਜ਼ਾਂ ਦੀ ਨਿਗਰਾਨੀ ਲਈ ਅਮਰੀਕਾ ਦਾ ਇੱਥੇ ਪੂਰਾ ਦਬਦਬਾ ਹੈ। ਦੋਵਾਂ ਦੇਸ਼ਾਂ ਵਿਚਾਲੇ ਹੋਇਆ 60 ਦਿਨਾਂ ਦਾ ਅੰਤਰਿਮ ਸਮਝੌਤਾ ਖਤਮ ਹੋਣ ਤੋਂ ਬਾਅਦ ਇਹ ਬਿਆਨਬਾਜ਼ੀ ਹੋਰ ਵਧ ਗਈ ਹੈ। ਹਾਲ ਹੀ ‘ਚ ਹੋਰਮੁਜ਼ ਦੀ ਖਾੜੀ ‘ਚੋਂ ਲੰਘ ਰਹੇ ਇੱਕ ਵਪਾਰਕ ਜਹਾਜ਼ ‘ਤੇ ਹੋਏ ਹਮਲੇ ਤੋਂ ਬਾਅਦ ਗਲੋਬਲ ਊਰਜਾ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਵੀ ਭਾਰੀ ਉਛਾਲ ਦੇਖਣ ਨੂੰ ਮਿਲਿਆ ਹੈ।

