Class 11 student commits suicide due to exam stress
ਇਮਤਿਹਾਨ ਦੇ ਤਣਾਅ ’ਚ 11ਵੀਂ ਦੀ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)-ਬਾਪੂਧਾਮ ਕਾਲੋਨੀ ’ਚ 11ਵੀਂ ਜਮਾਤ ਦੀ 15 ਸਾਲਾ ਵਿਦਿਆਰਥਣ ਨੇ ਇਮਤਿਹਾਨ ’ਚ ਉਮੀਦ ਮੁਤਾਬਕ ਨਤੀਜੇ ਨਾ ਆਉਣ ਕਾਰਨ ਮਾਨਸਿਕ ਤਣਾਅ ਹੇਠ ਘਰ ’ਚ ਫ਼ਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਸੈਕਟਰ-26 ਥਾਣਾ ਪੁਲਸ ਨੂੰ ਸੂਚਨਾ ਮਿਲਣ ’ਤੇ ਟੀਮ ਮੌਕੇ ’ਤੇ ਪਹੁੰਚੀ ਅਤੇ ਵਿਦਿਆਰਥਣ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੂੰ ਮੌਕੇ ਤੋਂ ਕੋਈ ਖ਼ੁਦਕੁਸ਼ੀ ਨੋਟ ਨਹੀਂ ਮਿਲਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੁੜੀ ਸੈਕਟਰ-29 ਸਥਿਤ ਇੱਕ ਸਕੂਲ ਵਿੱਚ 11ਵੀਂ ਜਮਾਤ ਦੀ ਵਿਦਿਆਰਥਣ ਸੀ ਅਤੇ ਹਾਲ ਹੀ ਦੇ ਇਮਤਿਹਾਨਾਂ ਵਿੱਚ ਉਮੀਦ ਅਨੁਸਾਰ ਪ੍ਰਦਰਸ਼ਨ ਨਾ ਹੋਣ ਕਾਰਨ ਕੁੱਝ ਸਮੇਂ ਤੋਂ ਪਰੇਸ਼ਾਨ ਰਹਿ ਰਹੀ ਸੀ। ਪੁਲਸ ਅਨੁਸਾਰ ਮ੍ਰਿਤਕਾ ਦੇ ਪਿਤਾ ਫ਼ੌਜ ਤੋਂ ਸੇਵਾਮੁਕਤ ਹਨ ਅਤੇ ਪਰਿਵਾਰ ਕਰੀਬ ਤਿੰਨ ਮਹੀਨੇ ਪਹਿਲਾਂ ਹੀ ਬਾਪੂਧਾਮ ਕਾਲੋਨੀ ’ਚ ਕਿਰਾਏ ਦੇ ਮਕਾਨ ਵਿੱਚ ਰਹਿਣ ਆਇਆ ਸੀ। ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਗਈ ਹੈ, ਜਦਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

