4 Kanwaris from Chandigarh die due to drowning in Haridwar, trying to save friend…
ਚੰਡੀਗੜ੍ਹ ਦੇ 4 ਕਾਂਵੜੀਆਂ ਦੀ ਹਰਿਦੁਆਰ ’ਚ ਡੁੱਬਣ ਨਾਲ ਮੌਤ, ਦੋਸਤ ਨੂੰ ਬਚਾਉਣ ਦੇ ਚੱਕਰ ‘ਚ…
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)-ਹਰਿਦੁਆਰ ’ਚ ਸ਼ੁੱਕਰਵਾਰ ਨੂੰ ਇਕ ਦਰਦਨਾਕ ਹਾਦਸੇ ’ਚ ਚੰਡੀਗੜ੍ਹ ਦੇ 4 ਕਾਂਵੜੀਆਂ ਦੀ ਗੰਗਨਹਿਰ ’ਚ ਡੁੱਬਣ ਨਾਲ ਮੌਤ ਹੋ ਜਾਣ ਦੀ ਸੂਚਨਾ ਮਿਲੀ। ਮਿਲੀ ਜਾਣਕਾਰੀ ਮੁਤਾਬਕ ਚਾਰੇ ਨੌਜਵਾਨ ਜਵਾਲਾਪੁਰ ਕੋਤਵਾਲੀ ਖੇਤਰ ਸਥਿਤ ਜਟਵਾੜਾ ਪੁਲ ਨੇੜੇ ਗੰਗਨਹਿਰ ’ਚ ਇਸ਼ਨਾਨ ਕਰ ਰਹੇ ਸਨ। ਇਸੇ ਦੌਰਾਨ ਇਕ ਨੌਜਵਾਨ ਤੇਜ਼ ਵਹਾਅ ’ਚ ਰੁੜ੍ਹਨ ਲੱਗਾ। ਉਸ ਨੂੰ ਬਚਾਉਣ ਲਈ 3 ਹੋਰ ਸਾਥੀ ਵੀ ਨਹਿਰ ’ਚ ਉਤਰ ਗਏ ਪਰ ਚਾਰੇ ਪਾਣੀ ਦੇ ਤੇਜ਼ ਵਹਾਅ ਦੀ ਲਪੇਟ ’ਚ ਆ ਗਏ। ਇਸ ਹਾਦਸੇ ਵਿਚ ਮਾਰੇ ਗਏ ਨੌਜਵਾਨਾਂ ਦੀ ਪਛਾਣ ਸ਼ਿਵਾਂਸ਼ੂ (16), ਨੀਤੇਸ਼, ਭਰਤ ਅਤੇ ਰੋਹਿਤ ਵਜੋਂ ਹੋਈ ਹੈ। ਸਾਰੇ ਚੰਡੀਗੜ੍ਹ ਦੇ ਸੈਕਟਰ-26 ਦੇ ਨਿਵਾਸੀ ਸਨ ਅਤੇ ਕਾਂਵੜ ਯਾਤਰਾ ਲਈ ਹਰਿਦੁਆਰ ਪਹੁੰਚੇ ਸ਼ਰਧਾਲੂਆਂ ਦੇ ਇਕ ਜਥੇ ਦਾ ਹਿੱਸਾ ਸਨ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਜਲ ਪੁਲਸ, ਐੱਸ. ਡੀ. ਆਰ. ਐੱਫ. ਅਤੇ ਸਥਾਨਕ ਪੁਲਸ ਮੌਕੇ ’ਤੇ ਪਹੁੰਚੀ। ਸਾਂਝਾ ਰੈਸਕਿਊ ਅਭਿਆਨ ਚਲਾ ਕੇ ਚਾਰਾਂ ਨੌਜਵਾਨਾਂ ਨੂੰ ਨਹਿਰ ’ਚੋਂ ਬਾਹਰ ਕੱਢਿਆ ਗਿਆ ਪਰ ਉਦੋਂ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਇਸ ਤੋਂ ਬਾਅਦ ਲਾਸ਼ਾਂ ਨੂੰ ਪੋਸਟਮਾਰਟਮ ਲਈ ਜ਼ਿਲ੍ਹਾ ਹਸਪਤਾਲ ਭੇਜ ਦਿੱਤਾ ਗਿਆ।

