CM Bhagwant Mann in Bengaluru for 7-Day Detox & Wellness Programme
ਇਲਾਜ ਲਈ ਬੈਂਗਲੁਰੂ ਗਏ ਮੁੱਖ ਮੰਤਰੀ ਭਗਵੰਤ ਮਾਨ

26 ਫ਼ਰਵਰੀ 2026, ਬੈਂਗਲੁਰੂ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੰਗਲਵਾਰ ਸ਼ਾਮ ਨੂੰ ਬੈਂਗਲੁਰੂ ਪਹੁੰਚ ਗਏ ਹਨ ਜਿੱਥੇ ਉਹ ਜਿੰਦਲ ਨੇਚਰਕਿਊਰ ਇੰਸਟੀਚਿਊਟ ਵਿੱਚ ਲਗਭਗ ਇੱਕ ਹਫ਼ਤੇ ਦੇ ਕੁਦਰਤੀ ਡਿਟੌਕਸ ਅਤੇ ਵੈਲਨੈੱਸ ਪ੍ਰੋਗਰਾਮ ਅਧੀਨ ਰਹਿਣਗੇ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਇਹ ਯਾਤਰਾ ਸਾਵਧਾਨੀ ਵਜੋਂ ਅਤੇ ਪਹਿਲਾਂ ਤੋਂ ਯੋਜਨਾਬੱਧ ਹੈਲਥ ਰੈਜੀਮੈਂਟ ਦਾ ਹਿੱਸਾ ਹੈ, ਨਾ ਕਿ ਕਿਸੇ ਗੰਭੀਰ ਬਿਮਾਰੀ ਦਾ ਇਲਾਜ।
ਮਹਾਸ਼ਿਵਰਾਤਰੀ ਵਾਲੇ ਦਿਨ ਅਚਾਨਕ ਥਕਾਵਟ ਅਤੇ ਕੁਝ ਹੈਲਥ ਪੈਰਾਮੀਟਰਾਂ ਵਿੱਚ ਉਤਰਾਅ-ਚੜ੍ਹਾਅ ਆਉਣ ਤੋਂ ਬਾਅਦ ਉਹ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਕਈ ਦਿਨ ਦਾਖਲ ਰਹੇ ਸਨ। ਡਾਕਟਰਾਂ ਨੇ ਉਨ੍ਹਾਂ ਨੂੰ ਕਾਫੀ ਆਰਾਮ ਅਤੇ ਨਿਗਰਾਨੀ ਹੇਠ ਜੀਵਨ-ਸ਼ੈਲੀ ਸੁਧਾਰ ਪ੍ਰੋਗਰਾਮ ਅਪਨਾਉਣ ਦੀ ਸਲਾਹ ਦਿੱਤੀ ਸੀ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਵੀ ਉਹ ਕਿਲਾ ਰਾਏਪੁਰ ਸਪੋਰਟਸ ਓਲੰਪਿਕ ਵਿੱਚ ਸ਼ਾਮਲ ਹੋਏ ਸਨ।
ਅਧਿਕਾਰੀਆਂ ਨੇ ਦੱਸਿਆ ਕਿ ਬੈਂਗਲੁਰੂ ਵਿੱਚ ਰਹਿੰਦੇ ਹੋਏ ਵੀ ਮੁੱਖ ਮੰਤਰੀ ਜ਼ਰੂਰੀ ਫਾਈਲਾਂ ਅਤੇ ਪ੍ਰਸ਼ਾਸਨਿਕ ਮਾਮਲਿਆਂ ਨੂੰ ਡਿਜੀਟਲ ਤਰੀਕੇ ਨਾਲ ਵੇਖਣਗੇ ਅਤੇ ਫੈਸਲੇ ਲੈਂਦੇ ਰਹਿਣਗੇ। ਉਨ੍ਹਾਂ ਦੇ ਓਐਸਡੀ ਰਾਜਬੀਰ ਸਿੰਘ ਵੀ ਉਨ੍ਹਾਂ ਨਾਲ ਬੈਂਗਲੁਰੂ ਗਏ ਹਨ। ਮੁੱਖ ਮੰਤਰੀ ਹੋਲੀ ਤੋਂ ਬਾਅਦ ਪੰਜਾਬ ਵਾਪਸ ਪਰਤਣਗੇ, ਜਿਸ ਤੋਂ ਤੁਰੰਤ ਬਾਅਦ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਸ਼ੁਰੂ ਹੋਵੇਗਾ ਜਿਸ ਵਿੱਚ ਔਰਤਾਂ ਲਈ ਵੱਡੀਆਂ ਰਾਹਤਾਂ ਅਤੇ ਵੈਲਫੇਅਰ ਸਕੀਮਾਂ ਦੇ ਐਲਾਨ ਹੋਣ ਦੀ ਸੰਭਾਵਨਾ ਹੈ।
ਗੌਰਤਲਬ ਹੈ ਕਿ ਇਹ ਪਹਿਲੀ ਵਾਰ ਨਹੀਂ ਜਦੋਂ ਮੁੱਖ ਮੰਤਰੀ ਜਿੰਦਲ ਨੇਚਰਕਿਊਰ ਇੰਸਟੀਚਿਊਟ ਗਏ ਹਨ। 2017 ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਹ ਅਰਵਿੰਦ ਕੇਜਰੀਵਾਲ ਸਮੇਤ ਕਈ ਦਿਨ ਉੱਥੇ ਰਹੇ ਸਨ।
