CM Vijay’s London visit cancelled due to security reasons; hundreds of supporters disappointed
ਸੁਰੱਖਿਆ ਕਾਰਨਾਂ ਕਰਕੇ CM ਵਿਜੇ ਦਾ ਲੰਡਨ ਪ੍ਰੋਗਰਾਮ ਰੱਦ, ਸੈਂਕੜੇ ਸਮਰਥਕ ਨਾਰਾਜ਼
ਲੰਡਨ/ਤਾਮਿਲਨਾਡੂ (ਆਵਾਜ਼ਿ ਕੌਮ ਬਿਊਰੋ)- ਤਾਮਿਲਨਾਡੂ ਦੇ ਮੁੱਖ ਮੰਤਰੀ ਸੀ. ਜੋਸਫ਼ ਵਿਜੇ ਦੀ ਇੱਕ ਝਲਕ ਦੇਖਣ ਲਈ ਮੰਗਲਵਾਰ ਨੂੰ ਲੰਡਨ ਦੀ ਸਭ ਤੋਂ ਉੱਚੀ ਇਮਾਰਤ ‘ਦ ਸ਼ਾਰਡ’ ਦੇ ਬਾਹਰ ਸੈਂਕੜੇ ਪ੍ਰਸ਼ੰਸਕ ਇਕੱਠੇ ਹੋ ਗਏ। ਲੋਕਾਂ ਦੀ ਭੀੜ ਨੂੰ ਦੇਖ ਲੰਡਨ ਦੀ ਪੁਲਸ ਦੇ ਹੋਸ਼ ਉੱਡ ਗਏ। ਹਾਲਾਂਕਿ, ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਮੈਟਰੋਪੋਲੀਟਨ ਪੁਲਸ ਦੇ ਦਖਲ ਦੇਣ ਤੋਂ ਬਾਅਦ ਵਿਜੇ ਦਾ ਪ੍ਰੋਗਰਾਮ ਰੱਦ ਕਰ ਦਿੱਤਾ। ਵਿਜੇ ਦੀ ਟੀਮ ਦੇ ਇੱਕ ਮੈਂਬਰ ਨੇ ਸਥਾਨ ਦੇ ਬਾਹਰ ਇੱਕ ਲਾਊਡਸਪੀਕਰ ‘ਤੇ ਐਲਾਨ ਕੀਤਾ, “ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਇਸ ਪ੍ਰੋਗਰਾਮ ਨੂੰ ਰੱਦ ਕਰ ਰਹੇ ਹਾਂ। ਸਾਨੂੰ ਸੁਰੱਖਿਆ ਕਾਰਨਾਂ ਕਰਕੇ ਇਸ ਪ੍ਰੋਗਰਾਮ ਨੂੰ ਕਰਵਾਉਣ ਦੀ ਇਜਾਜ਼ਤ ਨਹੀਂ ਮਿਲੀ ਹੈ।” ਇੱਕ ਪ੍ਰਸ਼ੰਸਕ, ਜੋ ਵਿਜੇ ਦੀ ਇੱਕ ਝਲਕ ਪਾਉਣ ਲਈ ਘੰਟਿਆਂ ਤੋਂ ਲਾਈਨ ਵਿੱਚ ਖੜ੍ਹਾ ਸੀ, ਨੇ ਕਿਹਾ, “ਮੈਨੂੰ ਲੱਗਦਾ ਹੈ ਕਿ ਇਹ ਠੀਕ ਹੈ, ਪਰ ਅਸੀਂ ਸਾਰੇ ਘੰਟਿਆਂ ਤੋਂ ਇੰਤਜ਼ਾਰ ਕਰ ਰਹੇ ਹਾਂ। ਇਹ ਉਸ ਤਰ੍ਹਾਂ ਦੀ ਭੀੜ ਨਹੀਂ ਹੈ ਜੋ ਅਸੀਂ ਤਾਮਿਲਨਾਡੂ ਵਿੱਚ ਦੇਖਦੇ ਹਾਂ।” ਵਿਜੇ ਦੀ ਅਗਵਾਈ ਹੇਠ ਇੱਕ ਰਾਜ ਵਫ਼ਦ ਇਸ ਸਮੇਂ ਤਾਮਿਲਨਾਡੂ ਵਿੱਚ ਨਿਵੇਸ਼ ਆਕਰਸ਼ਿਤ ਕਰਨ ਲਈ ਯੂਕੇ ਦਾ ਦੌਰਾ ਕਰ ਰਿਹਾ ਹੈ। ਮੁੱਖ ਮੰਤਰੀ ਦਫ਼ਤਰ ਦੇ ਅਨੁਸਾਰ, ਵਫ਼ਦ ਨੇ ਲਗਭਗ ₹12,300 ਕਰੋੜ ਦੇ ਨਿਵੇਸ਼ ਨਾਲ ਸਬੰਧਤ ਕਈ ਸਮਝੌਤਿਆਂ (ਐਮਓਯੂ) ‘ਤੇ ਹਸਤਾਖਰ ਕੀਤੇ ਹਨ, ਜਿਸ ਨਾਲ ਤਾਮਿਲਨਾਡੂ ਵਿੱਚ ਵੱਡੇ ਪੱਧਰ ‘ਤੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਮੁੱਖ ਮੰਤਰੀ ਵਿਜੇ ਬੁੱਧਵਾਰ ਨੂੰ ਬ੍ਰਿਟੇਨ ਤੋਂ ਭਾਰਤ ਵਾਪਸ ਆਉਣ ਵਾਲੇ ਹਨ।

