Cricket betting racket busted; 6 individuals from Rajasthan arrested in JTPL City
ਕ੍ਰਿਕਟ ਮੈਚਾਂ ਤੇ ਦੜਾ ਸੱਟਾ ਲਾਉਣ ਦੇ ਧੰਦੇ ਦਾ ਪਰਦਾਫਾਸ਼, JTPL ਸਿਟੀ ‘ਚ 6 ਰਾਜਸਥਾਨੀ ਵਿਅਕਤੀ ਕਾਬੂ
ਖਰੜ (ਆਵਾਜ਼ਿ ਕੌਮ ਬਿਊਰੋ)-ਥਾਣਾ ਸਦਰ ਖਰੜ ਦੀ ਪੁਲਸ ਨੇ ਜੇ.ਟੀ.ਪੀ.ਐੱਲ. ਸਿਟੀ ਖੂਨੀਮਾਜਰਾ ਖਰੜ ਵਿਖੇ ਮੈਚਾਂ ਤੇ ਦੜਾ-ਸੱਟਾ ਅਤੇ ਬੁੱਕੀ ਦਾ ਕੰਮ ਕਰਨ ਵਾਲੇ 6 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੁਲਸ ਨੇ ਉਨ੍ਹਾਂ ਦੇ ਕਬਜ਼ੇ ਵਾਲੇ ਫਲੈਟ ‘ਚੋਂ 34 ਮੋਬਾਈਲ ਫੋਨ, 6 ਲੈਪਟਾਪ, 60 ਦੇ ਕਰੀਬ ਏ.ਟੀ.ਐੱਮ. ਅਤੇ ਕ੍ਰੈਡਿਟ ਕਾਰਡ, ਇਕ ਸਵਿਫਟ ਕਾਰ, 4,030 ਰੁਪਏ ਦੀ ਨਕਦੀ ਅਤੇ ਸ਼ਰਾਬ ਦੀਆਂ 12 ਬੋਤਲਾਂ ਬਰਾਮਦ ਕੀਤੀਆਂ ਹਨ। ਡੀ.ਐੱਸ.ਪੀ. ਖਰੜ-1 ਈਸ਼ਾਨ ਸਿੰਗਲਾ ਅਤੇ ਸਦਰ ਖਰੜ ਦੇ ਐੱਸ.ਐੱਚ.ਓ. ਇੰਸਪੈਕਟਰ ਸੁਨੀਲ ਸ਼ਰਮਾ ਨੇ ਦੱਸਿਆ ਕਿ 6 ਅਕਤੂਬਰ 2026 ਨੂੰ ਏ.ਐੱਸ.ਆਈ. ਚਮਕੌਰ ਸਿੰਘ ਅਤੇ ਪੁਲਸ ਪਾਰਟੀ ਨੇ ਮੁਖਬਰੀ ਦੇ ਆਧਾਰ ‘ਤੇ ਸੈਕਟਰ-115 ਸਥਿਤ ਜੇ.ਟੀ.ਪੀ.ਐੱਲ. ਸਿਟੀ ਦੇ ਫਲੈਟ ਨੰਬਰ 566-ਬੀ ਵਿਖੇ ਛਾਪਾ ਮਾਰਿਆ। ਇਸ ਦੌਰਾਨ ਪੁਲਸ ਨੇ ਮੁਲਜਮ ਵਿਜੈ, ਜਤਿੰਦਰ ਸਿੰਘ, ਰਾਹੁਲ, ਅਨੁਜ ਸ਼ਰਮਾ, ਆਰਿਆਨ ਕੁਮਾਵਤ ਅਤੇ ਕੈਲਾਸ਼ ਚੰਦ ਵਰਮਾ ਨੂੰ ਕਾਬੂ ਕੀਤਾ। ਪੁਲਸ ਮੁਤਾਬਕ ਇਹ ਸਾਰੇ ਮੁਲਜ਼ਮ ਰਾਜਸਥਾਨ ਦੇ ਵੱਖ-ਵੱਖ ਇਲਾਕਿਆਂ ਦੇ ਰਹਿਣ ਵਾਲੇ ਹਨ ਅਤੇ ਫਲੈਟ ਵਿੱਚ ਰਹਿ ਰਹੇ ਸਨ। ਪੁਲਸ ਵੱਲੋਂ ਫਲੈਟ ਦੀ ਤਲਾਸ਼ੀ ਲੈਣ ‘ਤੇ ਵੱਖ-ਵੱਖ ਕੰਪਨੀਆਂ ਦੇ 34 ਮੋਬਾਈਲ ਫੋਨ ਅਤੇ 6 ਲੈਪਟਾਪ ਤੋਂ ਇਲਾਵਾ 60 ਦੇ ਕਰੀਬ ਏ.ਟੀ.ਐੱਮ. ਤੇ ਕ੍ਰੈਡਿਟ ਕਾਰਡ ਬਰਾਮਦ ਹੋਏ। ਇਸ ਤੋਂ ਇਲਾਵਾ ਇਕ ਸਵਿਫਟ ਕਾਰ, 4,030 ਰੁਪਏ ਦੀ ਨਕਦੀ ਅਤੇ ਰਾਇਲ ਸਟੈਗ ਮਾਰਕਾ ਸ਼ਰਾਬ ਦੀਆਂ 12 ਬੋਤਲਾਂ ਵੀ ਮਿਲੀਆਂ, ਜਿਨ੍ਹਾਂ ‘ਤੇ ‘ਫਾਰ ਸੇਲ ਚੰਡੀਗੜ੍ਹ ਓਨਲੀ’ ਲਿਖਿਆ ਹੋਇਆ ਸੀ। ਪੁਲਸ ਅਨੁਸਾਰ ਫੜੇ ਗਏ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਬਰਾਮਦ ਕੀਤੇ ਗਏ ਏ.ਟੀ.ਐੱਮ. ਅਤੇ ਕ੍ਰੈਡਿਟ ਕਾਰਡਾਂ ਦੀ ਵਰਤੋਂ ਅਤੇ ਕਥਿਤ ਦੜਾ-ਸੱਟੇ ਦੇ ਧੰਦੇ ਸਬੰਧੀ ਹੋਰ ਵੇਰਵੇ ਪੁਲਸ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋ ਸਕਣਗੇ।

