Dalits attacked during Durga idol immersion procession; 4 injured
ਦੁਰਗਾ ਮੂਰਤੀ ਵਿਸਰਜਨ ਸ਼ੋਭਾ ਯਾਤਰਾ ’ਚ ਦਲਿਤਾਂ ’ਤੇ ਹਮਲਾ, 4 ਜ਼ਖਮੀ
ਬਲੀਆ (ਆਵਾਜ਼ਿ ਕੌਮ ਬਿਊਰੋ)-ਉੱਤਰ ਪ੍ਰਦੇਸ਼ ’ਚ ਬਲੀਆ ਜ਼ਿਲ੍ਹੇ ਦੇ ਗੜਵਾਰ ਥਾਣਾ ਖੇਤਰ ’ਚ ਦੁਰਗਾ ਮੂਰਤੀ ਵਿਸਰਜਨ ਦੀ ਸ਼ੋਭਾ ਯਾਤਰਾ ਦੇਖਣ ਗਏ ਦਲਿਤ ਭਾਈਚਾਰੇ ਦੇ ਲੋਕਾਂ ’ਤੇ ਇਕ ਸਮੂਹ ਦੇ ਕਥਿਤ ਹਮਲੇ ’ਚ 4 ਲੋਕ ਜ਼ਖਮੀ ਹੋ ਗਏ। ਪੁਲਸ ਉਪ ਕਪਤਾਨ ਸਤੀਸ਼ ਸ਼ਰਮਾ ਨੇ ਦੱਸਿਆ ਕਿ ਇਸ ਮਾਮਲੇ ’ਚ ਪੁਲਸ ਅਨੁਸਾਰ ਗੜਵਾਰ ਥਾਣੇ ’ਚ ਸਥਾਨਕ ਵਿਅਕਤੀ ਦੀ ਸ਼ਿਕਾਇਤ ’ਤੇ ਸੁਭਾਸ਼ ਰਾਜਭਰ, ਮੁਕੇਸ਼ ਰਾਜਭਰ, ਪ੍ਰਦੀਪ, ਅਭੈ, ਪ੍ਰਿੰਸ ਅਤੇ ਸੌਰਭ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਦੂਜੇ ਪਾਸੇ ਐੱਫ. ਆਈ. ਆਰ. ਅਨੁਸਾਰ ਘਟਨਾ 21 ਅਕਤੂਬਰ ਨੂੰ ਗੜਵਾਰ ਥਾਣਾ ਖੇਤਰ ’ਚ ਦਈ ਅਸਥਾਨ ਨੇੜੇ ਉਸ ਸਮੇਂ ਹੋਈ, ਜਦੋਂ ਦੁਰਗਾ ਮੂਰਤੀ ਵਿਸਰਜਨ ਦੀ ਸ਼ੋਭਾ ਯਾਤਰਾ ਉੱਥੋਂ ਲੰਘ ਰਹੀ ਸੀ। ਸ਼ਿਕਾਇਤ ਅਨੁਸਾਰ ਮੁਲਜ਼ਮ ਕਥਿਤ ਤੌਰ ’ਤੇ ਲਾਠੀ-ਡੰਡੇ ਤੇ ਹੋਰ ਹਥਿਆਰ ਲੈ ਕੇ ਉੱਥੇ ਪਹੁੰਚੇ ਅਤੇ ਪੱਪੂ ਕੁਮਾਰ ਤੇ ਪੰਕਜ ਕੁਮਾਰ ਨੂੰ ਜਾਤੀਸੂਚਕ ਅਪਸ਼ਬਦ ਕਹੇ ਅਤੇ ਉਨ੍ਹਾਂ ਦੀ ਕੁੱਟਮਾਰ ਕੀਤੀ। ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਜਦੋਂ ਹਰਿੰਦਰ ਅਤੇ ਅਜੀਤ ਵਿਚ-ਬਚਾਅ ਕਰਨ ਪਹੁੰਚੇ ਤਾਂ ਮੁਲਜ਼ਮਾਂ ਨੇ ਉਨ੍ਹਾਂ ਦੀ ਵੀ ਕੁੱਟਮਾਰ ਕਰ ਦਿੱਤੀ। ਇਸ ਘਟਨਾ ’ਚ ਚਾਰੇ ਲੋਕ ਜ਼ਖਮੀ ਹੋ ਗਏ। ਦੋਸ਼ ਹੈ ਕਿ ਹਮਲਾਵਰ ਪੀੜਤਾਂ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਫਰਾਰ ਹੋ ਗਏ।

