Death penalty to be carried out for a record 20th time in the US in 2026
ਅਮਰੀਕਾ ’ਚ 2026 ’ਚ ਰਿਕਾਰਡ 20ਵੀਂ ਵਾਰ ਮੌਤ ਦੀ ਸਜ਼ਾ
ਰੇਫੋਰਡ/ਫਲੋਰੀਡਾ (ਆਵਾਜ਼ਿ ਕੌਮ ਬਿਊਰੋ)-ਅਮਰੀਕਾ ਦੇ ਫਲੋਰੀਡਾ ਸੂਬੇ ’ਚ ਘਰ ’ਚ ਦਾਖਲ ਹੋ ਕੇ ਇਕ ਗਰਭਵਤੀ ਔਰਤ ਅਤੇ ਉਸ ਦੇ ਪਤੀ ਦੀ ਹੱਤਿਆ ਦੇ ਦੋਸ਼ੀ ਨੂੰ ਵੀਰਵਾਰ ਨੂੰ ਮੌਤ ਦੀ ਸਜ਼ਾ ਦੇ ਦਿੱਤੀ ਗਈ। ਇਹ ਸੂਬੇ ’ਚ ਇਸ ਸਾਲ ਦਿੱਤੀ ਗਈ 20ਵੀਂ ਮੌਤ ਦੀ ਸਜ਼ਾ ਹੈ, ਜੋ ਇਕ ਸਾਲ ’ਚ ਮੌਤ ਦੀ ਸਜ਼ਾ ਦਿੱਤੇ ਜਾਣ ਦਾ ਨਵਾਂ ਰਿਕਾਰਡ ਹੈ। ਇਸੇ ਦਿਨ ਟੈਕਸਾਸ ’ਚ ਵੀ 36 ਲੱਖ ਡਾਲਰ ਦੇ ਹੀਰਿਆਂ ਦੀ ਲੁੱਟ ਦੌਰਾਨ ਇਕ ਜਿਊਲਰ ਦੀ ਹੱਤਿਆ ਦੇ ਦੋਸ਼ੀ ਨੂੰ ਮੌਤ ਦੀ ਸਜ਼ਾ ਦੇਣ ਦੀ ਤਿਆਰੀ ਸੀ। 71 ਸਾਲਾ ਥਾਮਸ ਮਿਸ਼ੇਲ ਓਵਰਟਨ ਨੂੰ ਫਲੋਰੀਡਾ ਦੀ ਸਰਕਾਰੀ ਜੇਲ ’ਚ ਤਿੰਨ ਦਵਾਈਆਂ ਦੇ ਟੀਕੇ ਰਾਹੀਂ ਸਥਾਨਕ ਸਮੇਂ ਮੁਤਾਬਕ ਸ਼ਾਮ 6 ਵੱਜ ਕੇ 19 ਮਿੰਟ ’ਤੇ ਮ੍ਰਿਤਕ ਐਲਾਨ ਦਿੱਤਾ ਗਿਆ। ਆਪਣੇ ਆਖਰੀ ਬਿਆਨ ’ਚ ਉਸ ਨੇ ਜੋੜੇ ਦੇ ਘਰ ’ਚ ਦਾਖਲ ਹੋਣ ਅਤੇ ਉਨ੍ਹਾਂ ’ਤੇ ਹਮਲਾ ਕਰਨ ਤੋਂ ਇਨਕਾਰ ਕਰਦਿਆਂ ਕਿਹਾ, ‘‘ਮੈਂ ਕਦੇ ਕਿਸੇ ਦੀ ਹੱਤਿਆ ਨਹੀਂ ਕੀਤੀ।’’ ਓਵਰਟਨ ਨੂੰ ਅਗਸਤ 1991 ’ਚ ਫਲੋਰੀਡਾ ਕੀਜ਼ ’ਚ ਮਾਈਕਲ ਅਤੇ ਸੂਜ਼ਨ ਮੈਕਆਈਵਰ ਦੇ ਘਰ ’ਚ ਜ਼ਬਰਦਸਤੀ ਦਾਖਲ ਹੋ ਕੇ ਉਨ੍ਹਾਂ ਅਤੇ ਉਨ੍ਹਾਂ ਦੇ ਅਣਜੰਮੇ ਬੱਚੇ ਦੀ ਹੱਤਿਆ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ। ਉਥੇ ਹੀ, 70 ਸਾਲਾ ਰੇਨਾਲਡੋ ਡੇਨੇਸ ਨੂੰ ਵੀ ਲੱਗਭਗ ਇਕ ਘੰਟੇ ਬਾਅਦ ਜਾਨਲੇਵਾ ਟੀਕਾ ਲਾਇਆ ਜਾਣਾ ਸੀ। ਡੇਨੇਸ ਨੂੰ ਜਨਵਰੀ 1996 ’ਚ ਹਿਊਸਟਨ ’ਚ ਹੀਰਿਆਂ ਦੇ ਕਾਰੋਬਾਰੀ ਜਾਨੋਸ ਸੁਚ ਦੀ ਹੱਤਿਆ ਦੇ ਮਾਮਲੇ ’ਚ ਮੌਤ ਦੀ ਸਜ਼ਾ ਸੁਣਾਈ ਗਈ ਸੀ।

