Nijjar murder case mentioned repeatedly in New York court; Nikhil Gupta sentenced to 235 months
ਨਿੱਝਰ ਕਤਲ ਮਾਮਲੇ ਦਾ ਨਿਊਯਾਰਕ ਅਦਾਲਤ ਵਿੱਚ ਵਾਰ-ਵਾਰ ਹੋਇਆ ਜ਼ਿਕਰ, ਨਿਖਿਲ ਗੁਪਤਾ ਨੂੰ 235 ਮਹੀਨੇ ਦੀ ਸਜ਼ਾ
ਨਿਊਯਾਰਕ, 20 ਨਵੰਬਰ (ਆਵਾਜ਼ਿ ਕੌਮ ਬਿਊਰੋ)-ਅਮਰੀਕਾ ਵਿੱਚ ਸਿੱਖਸ ਫਾਰ ਜਸਟਿਸ ਦੇ ਆਗੂ ਭਾਈ ਗੁਰਪਤਵੰਤ ਸਿੰਘ ਪੰਨੂ ਨੂੰ ਕਤਲ ਕਰਨ ਦੀ ਸਾਜ਼ਿਸ਼ ਦੇ ਮਾਮਲੇ ਵਿੱਚ ਨਿਖਿਲ ਗੁਪਤਾ ਨੂੰ ਨਿਊਯਾਰਕ ਦੀ ਅਦਾਲਤ ਵੱਲੋਂ 235 ਮਹੀਨੇ ਦੀ ਸਜ਼ਾ ਸੁਣਾਈ ਗਈ। ਇਸ ਮਹੱਤਵਪੂਰਨ ਅਦਾਲਤੀ ਕਾਰਵਾਈ ਦੌਰਾਨ ਕੈਨੇਡਾ ਦੇ ਸਰੀ ਸਥਿਤ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੇ ਵਿਸ਼ੇਸ਼ ਤੌਰ ’ਤੇ ਨਿਊਯਾਰਕ ਪਹੁੰਚ ਕੇ ਅਦਾਲਤੀ ਕਾਰਵਾਈ ਵਿੱਚ ਸ਼ਮੂਲੀਅਤ ਕੀਤੀ।
ਅਦਾਲਤੀ ਕਾਰਵਾਈ ਦੌਰਾਨ 18 ਜੂਨ 2023 ਨੂੰ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੀ ਧਰਤੀ ’ਤੇ ਸ਼ਹੀਦ ਕੀਤੇ ਗਏ ਭਾਈ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦਾ ਕਈ ਵਾਰ ਜ਼ਿਕਰ ਹੋਇਆ। ਅਦਾਲਤ ਵਿੱਚ ਹਾਜ਼ਰ ਭਾਈ ਭੁਪਿੰਦਰ ਸਿੰਘ ਹੋਠੀ ਅਤੇ ਹੋਰ ਸੇਵਾਦਾਰਾਂ ਅਨੁਸਾਰ, ਨਿਖਿਲ ਗੁਪਤਾ ਦੇ ਬਚਾਅ ਪੱਖ ਦੇ ਵਕੀਲ ਨੇ ਦੋਵਾਂ ਮਾਮਲਿਆਂ ਵਿਚਕਾਰ ਸਿੱਧਾ ਸਬੰਧ ਨਾ ਹੋਣ ਦੀ ਦਲੀਲ ਦਿੱਤੀ।
ਹਾਲਾਂਕਿ, ਅਦਾਲਤੀ ਕਾਰਵਾਈ ਦੌਰਾਨ ਭਾਈ ਨਿੱਝਰ ਦੀ 18 ਜੂਨ 2023 ਨੂੰ ਹੋਈ ਹੱਤਿਆ ਅਤੇ ਇਸ ਤੋਂ ਬਾਅਦ 20 ਜੂਨ ਦੇ ਆਸ-ਪਾਸ ਨਿਖਿਲ ਗੁਪਤਾ ਵੱਲੋਂ ਭੇਜੇ ਗਏ ਸੁਨੇਹਿਆਂ ਦਾ ਵਿਸ਼ੇਸ਼ ਹਵਾਲਾ ਦਿੱਤਾ ਗਿਆ। ਸੇਵਾਦਾਰਾਂ ਅਨੁਸਾਰ, ਜੱਜ ਨੇ ਇਨ੍ਹਾਂ ਘਟਨਾਵਾਂ ਨੂੰ ਮਾਮਲੇ ਦੇ ਸੰਦਰਭ ਵਿੱਚ ਮਹੱਤਵਪੂਰਨ ਮੰਨਿਆ ਅਤੇ ਸਾਜ਼ਿਸ਼ ਵਿੱਚ ਭਾਰਤੀ ਸਰਕਾਰੀ ਏਜੰਟਾਂ ਦੀ ਕਥਿਤ ਸ਼ਮੂਲੀਅਤ ਨਾਲ ਸਬੰਧਤ ਤੱਥਾਂ ਦਾ ਜ਼ਿਕਰ ਕੀਤਾ।
ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿੱਚ ਵੀ ਪੂਰਾ ਸੱਚ ਸਾਹਮਣੇ ਆਉਣਾ ਚਾਹੀਦਾ ਹੈ। ਕਮੇਟੀ ਨੇ ਮੰਗ ਕੀਤੀ ਕਿ ਇਸ ਸਾਜ਼ਿਸ਼ ਵਿੱਚ ਸ਼ਾਮਲ ਸਾਰੇ ਜ਼ਿੰਮੇਵਾਰ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਲਿਆਂਦਾ ਜਾਵੇ ਅਤੇ ਬਣਦੀਆਂ ਸਜ਼ਾਵਾਂ ਦਿੱਤੀਆਂ ਜਾਣ।
ਇਸ ਮੌਕੇ ਭਾਈ ਗੁਰਪਤਵੰਤ ਸਿੰਘ ਪੰਨੂ ਨੇ ਵੀ ਅਮਰੀਕੀ ਅਦਾਲਤ ਨੂੰ ਜੂਨ 1984 ਤੋਂ ਲੈ ਕੇ ਹੁਣ ਤੱਕ ਸਿੱਖ ਕੌਮ ਨਾਲ ਹੋਈਆਂ ਬੇਇਨਸਾਫ਼ੀਆਂ, ਜ਼ੁਲਮਾਂ ਅਤੇ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾਵਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਨੇ ਸਿੱਖਾਂ ਉੱਤੇ ਹੋਏ ਜ਼ੁਲਮਾਂ ਦੇ ਇਤਿਹਾਸ ਨੂੰ ਅਦਾਲਤੀ ਰਿਕਾਰਡ ਦਾ ਹਿੱਸਾ ਬਣਵਾਇਆ।
ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਆਸ ਪ੍ਰਗਟਾਈ ਕਿ ਨਿਖਿਲ ਗੁਪਤਾ ਵਿਰੁੱਧ ਹੋਈ ਅਦਾਲਤੀ ਕਾਰਵਾਈ ਤੋਂ ਬਾਅਦ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਜਾਂਚ ਵਿੱਚ ਵੀ ਤੇਜ਼ੀ ਆਵੇਗੀ ਅਤੇ ਇਸ ਮਾਮਲੇ ਦੇ ਸਾਰੇ ਪਹਿਲੂ ਜਨਤਕ ਹੋਣਗੇ।
ਜਾਰੀ ਕਰਤਾ: ਪ੍ਰਬੰਧਕ ਕਮੇਟੀ, ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ, ਸਰੀ–ਡੈਲਟਾ, ਬ੍ਰਿਟਿਸ਼ ਕੋਲੰਬੀਆ, ਕੈਨੇਡਾ।

