ਦਿੱਲੀ ਸਰਕਾਰ ਪ੍ਰੋ. ਭੁੱਲਰ ਨੂੰ ਸਿੱਖ ਭਾਵਨਾਵਾਂ ਦੀ ਕਦਰ ਕਰਕੇ ਪੱਕੇ ਤੌਰ ‘ਤੇ ਰਿਹਾਅ ਕਰੇ – ਜਥੇਦਾਰ ਗੜਗੱਜ

12 ਫਰਵਰੀ 2026, ਅੰਮ੍ਰਿਤਸਰ – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦਿੱਲੀ ਦੀ ਭਾਜਪਾ ਸਰਕਾਰ ਵੱਲੋਂ ਬੰਦੀ ਸਿੰਘ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਪਟੀਸ਼ਨ ਨੂੰ ਅਸਵੀਕਾਰ ਕਰਨ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਦਿੱਲੀ ਦੀ ਮੁੱਖ ਮੰਤਰੀ ਸ੍ਰੀਮਤੀ ਰੇਖਾ ਗੁਪਤਾ, ਕੈਬਨਿਟ ਮੰਤਰੀ ਸ. ਮਨਜਿੰਦਰ ਸਿੰਘ ਸਿਰਸਾ ਅਤੇ ਹੋਰ ਮੰਤਰੀ ਉਨ੍ਹਾਂ ਨੂੰ ਮਿਲਣ ਆਏ ਸਨ ਤਾਂ ਉਸ ਵੇਲੇ ਵੀ ਉਨ੍ਹਾਂ ਨੇ ਪ੍ਰੋ. ਭੁੱਲਰ ਦੀ ਰਿਹਾਈ ਲਈ ਅਪੀਲ ਕੀਤੀ ਸੀ।
ਜਥੇਦਾਰ ਨੇ ਕਿਹਾ ਕਿ ਪਹਿਲਾਂ ਦਸ ਸਾਲ ਆਮ ਆਦਮੀ ਪਾਰਟੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਮਾਮਲਾ ਲਟਕਾ ਕੇ ਰੱਖਿਆ ਅਤੇ ਸਿੱਖ ਭਾਵਨਾਵਾਂ ਦੀ ਕਦਰ ਨਹੀਂ ਕੀਤੀ। ਹੁਣ ਜਦੋਂ ਸਰਕਾਰ ਬਦਲ ਕੇ ਭਾਜਪਾ ਦੀ ਬਣ ਗਈ ਹੈ ਤਾਂ ਵੀ ਸਜ਼ਾ ਸਮੀਖਿਆ ਬੋਰਡ ਨੇ 51 ਕੈਦੀਆਂ ਵਿੱਚੋਂ 27 ਨੂੰ ਰਿਹਾਈ ਦੇ ਫੈਸਲੇ ਪ੍ਰਵਾਨ ਕੀਤੇ ਪਰ ਪ੍ਰੋ. ਭੁੱਲਰ ਦੇ ਮਾਮਲੇ ਨੂੰ ਰੱਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਚਾਹੇ ਤਾਂ ਪ੍ਰੋ. ਭੁੱਲਰ ਨੂੰ ਵੀ ਰਿਹਾਅ ਕਰ ਸਕਦੀ ਹੈ।
ਜਥੇਦਾਰ ਗੜਗੱਜ ਨੇ ਕਿਹਾ ਕਿ ਪ੍ਰੋ. ਭੁੱਲਰ ਦੇ ਮਾਮਲੇ ਨੂੰ ਮਨੁੱਖਤਾ ਅਤੇ ਹਮਦਰਦੀ ਦੇ ਤੌਰ ‘ਤੇ ਵੇਖਦਿਆਂ ਸਰਕਾਰ ਨੂੰ ਸਮੁੱਚੀ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਕਦਰ ਕਰਕੇ ਉਨ੍ਹਾਂ ਨੂੰ ਪੱਕੇ ਤੌਰ ‘ਤੇ ਰਿਹਾਅ ਕਰਨਾ ਚਾਹੀਦਾ ਹੈ ਕਿਉਂਕਿ ਉਹ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ। ਉਨ੍ਹਾਂ ਨੇ ਅਪੀਲ ਕੀਤੀ ਕਿ ਦੇਸ਼ ਅਜ਼ਾਦੀ ਵਿੱਚ ਸਿੱਖਾਂ ਦੇ ਵੱਡੇ ਯੋਗਦਾਨ ਨੂੰ ਮੱਦੇਨਜ਼ਰ ਰੱਖ ਕੇ ਇਹ ਮਾਮਲਾ ਹੱਲ ਕੀਤਾ ਜਾਵੇ। ਜਥੇਦਾਰ ਨੇ ਸਮੁੱਚੀ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਲਗਾਤਾਰ ਸ਼ਾਂਤਮਈ ਢੰਗ ਨਾਲ ਅਵਾਜ਼ ਬੁਲੰਦ ਕੀਤੀ ਜਾਵੇ ਅਤੇ ਸਮੁੱਚਾ ਖ਼ਾਲਸਾ ਪੰਥ ਇਕਜੁੱਟ ਹੋ ਕੇ ਕਾਰਜ ਕਰੇ।

