ਨਾਭਾ ਜੇਲ੍ਹ ਵਿੱਚ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਮਜੀਠੀਆ ਨਾਲ ਕੀਤੀ ਮੁਲਾਕਾਤ
ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੌਸਲੇ ਹਮੇਸ਼ਾ ਬੁਲੰਦ ਰਹਿਣਗੇ

ਨਾਭਾ, 23 ਸਤੰਬਰ – ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਨਾਭਾ ਜੇਲ੍ਹ ਤੋਂ ਜਾਰੀ ਬਿਆਨ ਵਿੱਚ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਪ੍ਰਤੀ ਡੂੰਘੀ ਸ਼ਰਧਾ ਜਤਾਈ। ਉਨ੍ਹਾਂ ਨੇ ਕਿਹਾ ਕਿ “ਦਾਸ ਦੀ ਨਾ ਤਾਂ ਇਨੀ ਹੈਸੀਅਤ ਹੈ ਨਾ ਔਕਾਤ ਹੈ। ਮੈਂ ਇੱਕ ਨਿਮਾਣਾ ਭੁੱਲਣਹਾਰ ਜੀਵ ਹਾਂ ਅਤੇ ਮੇਰੇ ਕੋਲ ਯੋਗ ਸ਼ਬਦ ਵੀ ਨਹੀਂ ਜਿਨ੍ਹਾਂ ਨਾਲ ਬਾਬਾ ਜੀ ਦਾ ਸ਼ੁਕਰਾਨਾ ਅਦਾ ਕਰ ਸਕਾਂ ਜੋ ਅੱਜ ਮੈਨੂੰ ਮਿਲਣ ਨਾਭਾ ਜੇਲ੍ਹ ਵਿੱਚ ਪਹੁੰਚੇ।”

ਮਜੀਠੀਆ ਨੇ ਕਿਹਾ ਕਿ ਬਾਬਾ ਜੀ ਦੀ ਹੌਂਸਲਾ-ਅਫ਼ਜ਼ਾਈ ਉਨ੍ਹਾਂ ਲਈ ਬੇਹੱਦ ਭਾਵਨਾਤਮਕ ਪਲ ਸਨ। “ਮੇਰੇ ਔਖੇ ਵੇਲੇ ਬਾਬਾ ਜੀ ਹਮੇਸ਼ਾ ਮੇਰੀ ਬਾਂਹ ਫੜੀ ਹੈ, ਮੈਂ ਬਾਬਾ ਜੀ ਦਾ ਬੇਹੱਦ ਸ਼ੁਕਰ ਗੁਜ਼ਾਰ ਹਾਂ,” ਉਨ੍ਹਾਂ ਨੇ ਕਿਹਾ।

ਅਕਾਲੀ ਆਗੂ ਨੇ ਸਮੂਹ ਸੰਗਤ, ਲੋਕਾਂ ਅਤੇ ਸੰਤ-ਮਹਾਂਪੁਰਖਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਦੇ ਅਸ਼ੀਰਵਾਦ ਸਦਕਾ ਉਹ ਚੜ੍ਹਦੀ ਕਲਾ ਵਿੱਚ ਹਨ। ਉਨ੍ਹਾਂ ਨੇ ਗੁਰੂ ਸਾਹਿਬ ਦਾ ਵੀ ਕੋਟਾਂਨਿ – ਕੋਟ ਸ਼ੁਕਰਾਨਾ ਕੀਤਾ ਜੋ ਸਦਾ ਆਪਣੀ ਮਿਹਰ ਭਰੀ ਨਿਗਾਹ ਨਾਲ ਸਹਾਰਾ ਦੇ ਰਹੇ ਹਨ।
ਮਜੀਠੀਆ ਨੇ ਅੰਤ ਵਿੱਚ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੇ ਹੌਸਲੇ ਹਮੇਸ਼ਾ ਬੁਲੰਦ ਰਹਿਣਗੇ।

