Desecration of Dastar and Kesh in UK — Panthic Sevadar Bhai Sarbdeep Singh Raises Sharp Question
ਯੂ ਕੇ ਵਿੱਚ ਦਸਤਾਰ ਤੇ ਕੇਸਾਂ ਦੀ ਬੇਅਦਬੀ — ਪੰਥਕ ਸੇਵਾਦਾਰ ਭਾਈ ਸਰਬਦੀਪ ਸਿੰਘ ਵੱਲੋਂ ਤਿੱਖਾ ਸਵਾਲ

ਅੰਮ੍ਰਿਤਸਰ/ਲੰਡਨ, 23 ਸਤੰਬਰ – ਭਾਈ ਸਰਬਦੀਪ ਸਿੰਘ (ਪ੍ਰਕਰਮਾ ਵਾਲਾ ਸੇਵਾਦਾਰ, ਸ਼੍ਰੀ ਅੰਮ੍ਰਿਤਸਰ ਸਾਹਿਬ) ਨੇ ਆਪਣੇ ਬਿਆਨ ਵਿੱਚ ਕਿਹਾ ਕਿ ਮਨੁੱਖੀ ਅਧਿਕਾਰਾਂ ਦੀ ਦੁਹਾਈ ਦੇਣ ਵਾਲੀਆਂ ਅਤੇ ਪੰਜਾਬ ਵਿੱਚ ਕਿਸੇ ਵੀ ਸਿੱਖ ਦੀ ਦਸਤਾਰ ਜਾਂ ਕੇਸਾਂ ਦੀ ਬੇਅਦਬੀ ਹੋਣ ‘ਤੇ ਟੈਲੀਵਿਜ਼ਨ ਤੇ ਸੋਸ਼ਲ ਮੀਡੀਆ ਉੱਤੇ ਰੋਲ ਪਾਉਣ ਵਾਲੀਆਂ ਯੂ ਕੇ ਦੀਆਂ ਕਈਆਂ ਜਥੇਬੰਦੀਆਂ, ਅੱਜ ਯੂ ਕੇ ਵਿੱਚ ਆਪ ਹੀ ਸਾਬਤ ਸੂਰਤ ਅੰਮ੍ਰਿਤਧਾਰੀ ਸਿੱਖ ਨੌਜਵਾਨਾਂ ਕੋਲੋਂ ਦਸਤਾਰਾਂ ਤੇ ਕੇਸਾਂ ਦੀ ਬੇਅਦਬੀ ਕਰਵਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਭਾਰਤ ਅਤੇ ਪੰਜਾਬ ਵਿੱਚ ਜਦੋਂ ਵੀ ਅਜਿਹੀ ਘਟਨਾ ਵਾਪਰਦੀ ਸੀ ਤਾਂ ਯੂ ਕੇ ਦੀਆਂ ਸਿੱਖ ਜਥੇਬੰਦੀਆਂ ਪੰਜਾਬੀ ਅਖ਼ਬਾਰਾਂ ਅਤੇ ਇੰਗਲੈਂਡ ਦੇ ਟੈਲੀਵਿਜ਼ਨਾਂ ਤੇ ਡਿਬੇਟਾਂ ਕਰਦੀਆਂ ਸਨ, ਪਰ ਅੱਜ ਜਦੋਂ ਇੰਗਲੈਂਡ ਦੇ ਗੁਰਦੁਆਰਿਆਂ ਵਿੱਚ ਖੁਦ ਸਿੱਖਾਂ ਉੱਤੇ ਹੀ ਇਹ ਜ਼ੁਲਮ ਹੋ ਰਹੇ ਹਨ ਤਾਂ ਉਹਨਾਂ ਦੀਆਂ ਜ਼ੁਬਾਨਾਂ ਬੰਦ ਹਨ।
ਭਾਈ ਸਰਬਦੀਪ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਰਹਿੰਦਿਆਂ ਉਹਨਾਂ ਨੂੰ ਲੱਗਦਾ ਸੀ ਕਿ ਇੰਗਲੈਂਡ ਦੇ ਸਿੱਖ ਖ਼ਾਲਸਾ ਰਾਜ ਦੀ ਸਥਾਪਨਾ ਲਈ ਵੱਡਾ ਰੋਲ ਨਿਭਾਉਣਗੇ, ਪਰ ਇੱਥੇ ਆ ਕੇ ਅੱਖੀਂ ਦੇਖ ਕੇ ਸਮਝ ਆਇਆ ਕਿ ਬਹੁਤੀਆਂ ਜਥੇਬੰਦੀਆਂ ਦਾ “ਖ਼ਾਲਿਸਤਾਨ” ਸਿਰਫ਼ ਇੱਥੇ ਆਪਣੀ ਗੱਦੀ ਬਚਾਉਣ ਤੱਕ ਸੀਮਤ ਹੈ। ਪੰਜਾਬ ਦੇ ਹਿੱਤ ਲਈ ਇਹ ਸਿਰਫ਼ ਹਵਾ ਵਿੱਚ ਤਲਵਾਰਾਂ ਮਾਰਨ ਵਾਲੀ ਗੱਲ ਹੀ ਹੈ। ਉਨ੍ਹਾਂ ਪੰਜਾਬੀ ਕਹਾਵਤ ਯਾਦ ਦਿਵਾਈ — “ਢੋਲ ਦੂਰੋਂ ਵੱਜਦੇ ਸੁਹਾਵਣੇ ਹੀ ਲੱਗਦੇ ਹਨ।”
ਪ੍ਰਕਰਮਾ ਵਾਲੇ ਸੇਵਾਦਾਰ ਨੇ ਕਿਹਾ ਕਿ ਮੀਡੀਆ ਅਤੇ ਸੋਸ਼ਲ ਮੀਡੀਆ ‘ਤੇ ਪੰਥ, ਧਰਮ ਅਤੇ ਸਿੱਖੀ ਸੰਘਰਸ਼ ਦੀ ਬੇਬਾਕ ਅਵਾਜ਼ ਉਠਾਉਣ ਵਾਲੇ ਪੰਥਕ ਆਗੂ ਭਾਈ ਕਪਤਾਨ ਸਿੰਘ ‘ਤੇ ਹਮਲਾ ਕਰਵਾ ਕੇ ਸੱਚ ਦੀ ਅਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ। “ਜੋ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਨੂੰ ਸਟੇਜਾਂ ‘ਤੇ ਖੜ੍ਹ ਕੇ ਮਹੰਤਾਂ ਦਾ ਕਬਜ਼ਾ ਕਹਿੰਦੇ ਸਨ, ਉਹ ਅੱਜ ਆਪ ਕਿੱਥੇ ਖੜ੍ਹੇ ਹਨ?” — ਭਾਈ ਸਰਬਦੀਪ ਸਿੰਘ ਨੇ ਸਵਾਲ ਕੀਤਾ।
ਉਨ੍ਹਾਂ ਕਿਹਾ ਕਿ ਸਮੁੱਚਾ ਗੁਰੂ ਨਾਨਕ ਨਾਮ ਲੇਵਾ ਸਿੱਖ ਭਾਈ ਕਪਤਾਨ ਸਿੰਘ ਨਾਲ ਹਮਦਰਦੀ ਪ੍ਰਗਟ ਕਰਦਾ ਹੈ ਅਤੇ ਯੂ ਕੇ ਵਿੱਚ ਸਿੱਖ ਨੌਜਵਾਨਾਂ ਨੂੰ ਭੜਕਾ ਕੇ ਹਮਲੇ ਕਰਾਉਣ ਵਾਲੇ ਖ਼ਾਲਿਸਤਾਨੀਆਂ ਦੀ ਇਸ “ਘਟੀਆ ਅਤੇ ਘਿਨਾਉਣੀ ਹਰਕਤ” ਦੀ ਸਖ਼ਤ ਨਿੰਦਾ ਕਰਦਾ ਹੈ।
