“Will Continue to Oppose Atrocities Against Sikhs: Devendra Fadnavis”
ਕਾਂਗਰਸ ਦੇ ਸਿੱਖਾਂ ‘ਤੇ ਅੱਤਿਆਚਾਰ, ਅਸੀਂ ਅੰਤ ਤੱਕ ਵਿਰੋਧ ਕਰਦੇ ਰਹਾਂਗੇ : ਫੜਨਵੀਸ

11 ਜੂਨ 2026, ਮੁੰਬਈ – ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਸਿੱਖਾਂ ਨਾਲ ਹੋਏ ਅੱਤਿਆਚਾਰਾਂ ਦੇ ਮੁੱਦੇ ‘ਤੇ ਕਾਂਗਰਸ ਨੂੰ ਘੇਰਦਿਆਂ ਕਿਹਾ ਹੈ ਕਿ ਉਹ ਇਸ ਮਾਮਲੇ ਦਾ ਵਿਰੋਧ ਜ਼ਿੰਦਗੀ ਭਰ ਕਰਦੇ ਰਹਿਣਗੇ।
ਫੜਨਵੀਸ ਨੇ ਕਿਹਾ ਕਿ ਦਿੱਲੀ, ਪੰਜਾਬ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਸੀ ਅਤੇ ਇਹ ਇੱਕ ਇਤਿਹਾਸਕ ਸੱਚਾਈ ਹੈ, ਜਿਸ ਨੂੰ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਇਹ ਘਟਨਾਵਾਂ ਕਾਂਗਰਸ ਦੀ ਅਗਵਾਈ ਦੌਰਾਨ ਵਾਪਰੀਆਂ ਸਨ ਅਤੇ ਇਸ ਲਈ ਉਨ੍ਹਾਂ ਦੀ ਜ਼ਿੰਮੇਵਾਰੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਇਹ ਬਿਆਨ ਉਸ ਵੇਲੇ ਸਾਹਮਣੇ ਆਇਆ ਹੈ ਜਦੋਂ ਭਾਜਪਾ ਆਗੂ ਅਤੇ ਮੰਤਰੀ ਗਿਰੀਸ਼ ਮਹਾਜਨ ਵੱਲੋਂ ਪੰਜਾਬ ਵਿੱਚ ਇੱਕ ਸਮਾਗਮ ਦੌਰਾਨ ਆਪ੍ਰੇਸ਼ਨ ਬਲੂ ਸਟਾਰ ਨੂੰ “ਕਾਲਾ ਦਿਨ” ਕਰਾਰ ਦੇਣ ਤੋਂ ਬਾਅਦ ਸਿਆਸੀ ਵਿਵਾਦ ਛਿੜ ਗਿਆ ਹੈ। ਵਿਰੋਧੀ ਧਿਰ ਦੇ ਕਈ ਆਗੂਆਂ ਨੇ ਮਹਾਜਨ ਦੇ ਬਿਆਨ ‘ਤੇ ਇਤਰਾਜ਼ ਜਤਾਇਆ ਹੈ।
ਫੜਨਵੀਸ ਨੇ ਕਿਹਾ ਕਿ ਜੇਕਰ ਗਿਰੀਸ਼ ਮਹਾਜਨ ਦੇ ਪੂਰੇ ਬਿਆਨ ਨੂੰ ਸੁਣਿਆ ਜਾਵੇ ਤਾਂ ਉਸ ‘ਤੇ ਕੋਈ ਗਲਤਫ਼ਹਿਮੀ ਨਹੀਂ ਰਹਿੰਦੀ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੇ ਸ਼ਰਦ ਪਵਾਰ ਦੀ ਪੂਰੀ ਪ੍ਰਤੀਕਿਰਿਆ ਨਹੀਂ ਸੁਣੀ, ਇਸ ਲਈ ਉਸ ‘ਤੇ ਟਿੱਪਣੀ ਕਰਨਾ ਉਚਿਤ ਨਹੀਂ ਹੋਵੇਗਾ।
ਮੁੱਖ ਮੰਤਰੀ ਨੇ ਦੋਹਰਾਇਆ ਕਿ ਸਿੱਖਾਂ ਨਾਲ ਹੋਈ ਬੇਇਨਸਾਫ਼ੀ ਅਤੇ ਅੱਤਿਆਚਾਰਾਂ ਦਾ ਮੁੱਦਾ ਇਤਿਹਾਸ ਦਾ ਹਿੱਸਾ ਹੈ ਅਤੇ ਇਸ ਨੂੰ ਭੁਲਾਇਆ ਨਹੀਂ ਜਾ ਸਕਦਾ।
