“Akali Leader Bunty Romana Denied Entry at Toronto Airport, Returns to India”
ਟੋਰਾਂਟੋ ਹਵਾਈ ਅੱਡੇ ’ਤੇ ਰੋਕੇ ਗਏ ਅਕਾਲੀ ਆਗੂ ਬੰਟੀ ਰੋਮਾਣਾ, ਵਾਪਸ ਭਾਰਤ ਪਰਤੇ

12 ਜੂਨ 2026, ਟੋਰਾਂਟੋ/ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਅਤੇ ਪਾਰਟੀ ਦੇ ਮੁੱਖ ਬੁਲਾਰੇ ਪਰਮਬੰਸ ਸਿੰਘ ‘ਬੰਟੀ’ ਰੋਮਾਣਾ ਨੂੰ ਕੈਨੇਡਾ ਦੇ ਟੋਰਾਂਟੋ ਹਵਾਈ ਅੱਡੇ ‘ਤੇ ਦਾਖ਼ਲੇ ਤੋਂ ਰੋਕ ਦਿੱਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਭਾਰਤ ਵਾਪਸ ਪਰਤਣਾ ਪਿਆ।
ਪਾਰਟੀ ਸੂਤਰਾਂ ਮੁਤਾਬਕ ਬੰਟੀ ਰੋਮਾਣਾ ਅਕਾਲੀ ਦਲ ਦੇ ਇੱਕ ਵਫ਼ਦ ਨਾਲ ਕੈਨੇਡਾ ਦੌਰੇ ‘ਤੇ ਗਏ ਸਨ। ਉੱਥੇ ਉਨ੍ਹਾਂ ਨੇ ਪਾਰਟੀ ਸਮਰਥਕਾਂ ਅਤੇ ਐਨਆਰਆਈ ਭਾਈਚਾਰੇ ਨਾਲ ਵੱਖ-ਵੱਖ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕਰਨੀ ਸੀ।
ਜਾਣਕਾਰੀ ਅਨੁਸਾਰ ਟੋਰਾਂਟੋ ਪਹੁੰਚਣ ‘ਤੇ ਕੈਨੇਡੀਅਨ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਨ੍ਹਾਂ ਨੂੰ ਹਵਾਈ ਅੱਡੇ ‘ਤੇ ਰੋਕ ਲਿਆ ਅਤੇ ਲੰਬੀ ਪੁੱਛਗਿੱਛ ਕੀਤੀ। ਇਸ ਦੌਰਾਨ ਉਨ੍ਹਾਂ ਦੇ ਖ਼ਿਲਾਫ਼ ਦਰਜ ਮਾਮਲਿਆਂ, ਅਦਾਲਤੀ ਕਾਰਵਾਈਆਂ ਅਤੇ ਕੈਨੇਡਾ ਦੌਰੇ ਦੇ ਮਕਸਦ ਸਬੰਧੀ ਸਵਾਲ ਪੁੱਛੇ ਗਏ।
ਸੂਤਰਾਂ ਦਾ ਕਹਿਣਾ ਹੈ ਕਿ ਕਿਸੇ ਸ਼ਿਕਾਇਤ ਦੇ ਆਧਾਰ ‘ਤੇ ਇਹ ਜਾਂਚ ਕੀਤੀ ਗਈ। ਕਈ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਵੀ ਉਨ੍ਹਾਂ ਨੂੰ ਕੈਨੇਡਾ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਮਿਲੀ। ਇਸ ਤੋਂ ਬਾਅਦ ਬੰਟੀ ਰੋਮਾਣਾ ਨੇ ਭਾਰਤ ਵਾਪਸ ਮੁੜਨ ਦਾ ਫ਼ੈਸਲਾ ਕੀਤਾ।
ਅਕਾਲੀ ਦਲ ਨਾਲ ਜੁੜੇ ਆਗੂਆਂ ਅਤੇ ਕੈਨੇਡਾ ਵਿੱਚ ਰਹਿੰਦੇ ਸਮਰਥਕਾਂ ਨੇ ਮਾਮਲੇ ਦੇ ਹੱਲ ਲਈ ਯਤਨ ਵੀ ਕੀਤੇ, ਪਰ ਕੋਈ ਨਤੀਜਾ ਨਹੀਂ ਨਿਕਲ ਸਕਿਆ।
ਹਾਲਾਂਕਿ ਕੈਨੇਡਾ ਸਰਕਾਰ ਜਾਂ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਇਸ ਮਾਮਲੇ ਸਬੰਧੀ ਅਜੇ ਤੱਕ ਕੋਈ ਅਧਿਕਾਰਕ ਬਿਆਨ ਜਾਰੀ ਨਹੀਂ ਕੀਤਾ ਗਿਆ। ਇਸ ਲਈ ਦਾਖ਼ਲਾ ਨਾ ਮਿਲਣ ਦੇ ਅਸਲ ਕਾਰਨਾਂ ਬਾਰੇ ਹਾਲੇ ਸਪੱਸ਼ਟਤਾ ਨਹੀਂ ਹੈ।
