Doctors’ remarkable feat: 11-month-old girl’s heart operated on without open-heart surgery
ਡਾਕਟਰਾਂ ਦਾ ਕਮਾਲ ; 11 ਮਹੀਨੇ ਦੀ ਕੁੜੀ ਦੇ ਦਿਲ ਦਾ ਬਿਨਾਂ ਓਪਨ ਹਾਰਟ ਸਰਜਰੀ ਦੇ ਕਰ’ਤਾ ਆਪਰੇਸ਼ਨ
ਲਖਨਊ (ਆਵਾਜ਼ਿ ਕੌਮ ਬਿਊਰੋ)-ਡਾ. ਰਾਮ ਮਨੋਹਰ ਲੋਹੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਆਰਐੱਮਐੱਲਆਈਐੱਮਐੱਸ) ਦੇ ਕਾਰਡੀਓਲੋਜੀ ਵਿਭਾਗ ਨੇ 11 ਮਹੀਨੇ ਦੀ ਬੱਚੀ ‘ਚ ਜਮਾਂਦਰੂ ਦਿਲ ਦੇ ਨੁਕਸ, ਪੇਟੈਂਟ ਡਕਟਸ ਆਰਟੀਰੀਓਸਸ (ਪੀਡੀਏ) ਲਈ ਕੈਥੇਟਰ-ਅਧਾਰਤ ਡਿਵਾਈਸ ਕਲੋਜ਼ਰ ਸਫਲਤਾਪੂਰਵਕ ਕੀਤਾ ਹੈ। ਇਹ ਪਹਿਲੀ ਵਾਰ ਹੈ ਜਦੋਂ ਇੰਸਟੀਚਿਊਟ ਦੇ ਕਾਰਡੀਓਲੋਜੀ ਵਿਭਾਗ ‘ਚ ਇਕ ਸਾਲ ਤੋਂ ਘੱਟ ਉਮਰ ਦੇ ਬੱਚੇ ‘ਤੇ ਅਜਿਹਾ ਇਲਾਜ ਕੀਤਾ ਗਿਆ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਬੱਚੀ ਦਾ ਇਲਾਜ ਉਸ ਦੀ ਛਾਤੀ ਖੋਲ੍ਹੇ ਬਿਨਾਂ ਅਤੇ ਓਪਨ ਹਾਰਟ ਸਰਜਰੀ ਤੋਂ ਬਿਨਾਂ ਕੀਤਾ ਗਿਆ। ਬੱਚੀ ਦੇ ਦਿਲ ਦੇ ਨੇੜੇ ਇਕ ਖੂਨ ਦੀ ਨਾੜੀ ਸੀ ਜੋ ਜਨਮ ਤੋਂ ਹੀ ਖੁੱਲ੍ਹੀ ਰਹਿ ਗਈ ਸੀ। ਇਸ ਨੂੰ ਪੀਡੀਏ ਕਿਹਾ ਜਾਂਦਾ ਹੈ। ਇਸ ਕਾਰਨ ਦਿਲ ਅਤੇ ਫੇਫੜਿਆਂ ‘ਤੇ ਵਾਧੂ ਦਬਾਅ ਪੈ ਸਕਦਾ ਹੈ। ਅਜਿਹੇ ਮਾਮਲਿਆਂ ‘ਚ ਬੱਚਿਆਂ ਨੂੰ ਤੇਜ਼ ਸਾਹ ਲੈਣ, ਦੁੱਧ ਪਿਲਾਉਣ ਦੌਰਾਨ ਥਕਾਵਟ, ਭਾਰ ਨਾ ਵਧਣਾ ਅਤੇ ਵਾਰ-ਵਾਰ ਛਾਤੀ ‘ਚ ਇਨਫੈਕਸ਼ਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਕਾਰਡੀਓਲੋਜੀ ਟੀਮ ਨੇ ਕੈਥੇਟਰ ਰਾਹੀਂ ਦਿਲ ਤੱਕ ਇਕ ਵਿਸ਼ੇਸ਼ ਯੰਤਰ ਪਹੁੰਚਾ ਕੇ ਪੀਡੀਏ ਨੂੰ ਸਫਲਤਾਪੂਰਵਕ ਬੰਦ ਕਰ ਦਿੱਤਾ। ਪ੍ਰਕਿਰਿਆ ਦੌਰਾਨ ਬੱਚੀ ਦੀ ਛਾਤੀ ਨਹੀਂ ਖੋਲ੍ਹੀ ਗਈ। ਇਲਾਜ ਤੋਂ ਬਾਅਦ ਉਸ ਦੀ ਹਾਲਤ ਸਥਿਰ ਰਹੀ ਅਤੇ ਜ਼ਰੂਰੀ ਨਿਗਰਾਨੀ ਤੋਂ ਬਾਅਦ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਇਸ ਸਫਲ ਪ੍ਰਕਿਰਿਆ ‘ਚ ਡਾ. ਆਸ਼ੀਸ਼ ਝਾਅ, ਡਾ. ਮਿਥਲੇਸ਼ ਯਾਦਵ ਅਤੇ ਡਾ. ਨੀਰਜ ਅਵਸਥੀ ਦੀ ਟੀਮ ਦੇ ਨਾਲ-ਨਾਲ ਕਾਰਡੀਓਲੋਜੀ ਵਿਭਾਗ ਦੇ ਮੁਖੀ, ਪ੍ਰੋ. (ਡਾ.) ਭੁਵਨ ਚੰਦਰ ਤਿਵਾੜੀ ਸ਼ਾਮਲ ਸਨ। ਸੰਸਥਾ ਦੇ ਡਾਇਰੈਕਟਰ ਪ੍ਰੋ. (ਡਾ.) ਸੀ.ਐੱਮ. ਸਿੰਘ ਨੇ ਇਸ ਪ੍ਰਾਪਤੀ ‘ਤੇ ਮੈਡੀਕਲ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸੰਸਥਾ ਬੱਚਿਆਂ ‘ਚ ਜਮਾਂਦਰੂ ਦਿਲ ਦੀਆਂ ਬੀਮਾਰੀਆਂ ਦੇ ਇਲਾਜ ਲਈ ਆਪਣੀਆਂ ਸਹੂਲਤਾਂ ਦਾ ਲਗਾਤਾਰ ਵਿਸਥਾਰ ਕਰ ਰਹੀ ਹੈ।

