Don’t let your bank account get empty in the midst of the Mother-Daughter Respect Scheme! Warning issued
ਮਾਵਾਂ-ਧੀਆਂ ਸਤਿਕਾਰ ਯੋਜਨਾ ਦੇ ਚੱਕਰ ‘ਚ ਕਿਤੇ ਖਾਲੀ ਨਾ ਹੋ ਜਾਵੇ ਬੈਂਕ ਅਕਾਊਂਟ! ਜਾਰੀ ਹੋਈ ਚੇਤਾਵਨੀ
ਲੁਧਿਆਣਾ (ਆਵਾਜ਼ਿ ਕੌਮ ਬਿਊਰੋ)-ਪੰਜਾਬ ਵਿਚ ਮਾਵਾਂ-ਧੀਆਂ ਸਤਿਕਾਰ ਯੋਜਨਾ ਦੇ ਸ਼ੁਰੂ ਹੁੰਦਿਆਂ ਹੀ ਭੋਲੇ-ਭਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣ ਵਾਲੇ ਡਿਜੀਟਲ ਠੱਗਾਂ ਦੇ ਸਾਈਬਰ ਅਪਰਾਧੀਆਂ ਨੇ ਹੁਣ ਇਕ ਨਵੀਂ ਖ਼ੌਫ਼ਨਾਕ ਸਾਜ਼ਿਸ਼ ਰਚੀ ਹੈ। ਇਸ ਯੋਜਨਾ ਦੇ ਮੈਸੇਜ ਦੀ ਆੜ ਵਿਚ ਹੁਣ ਸਾਈਬਰ ਠੱਗ ਵੀ ਸਰਗਰਮ ਹੋ ਗਏ ਹਨ। ਠੱਗਾਂ ਵੱਲੋਂ ਲੋਕਾਂ ਨੂੰ ਧੜਾਧੜ ਮੈਸੇਜ ਭੇਜ ਕੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ 24 ਘੰਟਿਆਂ ਦੇ ਅੰਦਰ ਉਨ੍ਹਾਂ ਦੇ ਖਾਤੇ ਵਿਚ ਸਰਕਾਰੀ ਰਾਸ਼ੀ ਟ੍ਰਾਂਸਫ਼ਰ ਕਰ ਦਿੱਤੀ ਜਾਵੇਗੀ। ਜੇਕਰ ਤੁਸੀਂ ਵੀ ਮੋਬਾਈਲ ‘ਤੇ ਆਏ ਅਜਿਹੇ ਮੈਸੇਜ ਨੂੰ ਵੇਖ ਕੇ ਉਤਸ਼ਾਹਿਤ ਹੋ ਰਹੇ ਹੋ ਤਾਂ ਸਾਵਧਾਨ ਹੋ ਜਾਓ। ਕਿਉਂਕਿ ਤੁਹਾਡੀ ਇਕ ਗਲਤੀ ਤੁਹਾਡੇ ਪੂਰੇ ਬੈਂਕ ਅਕਾਊਂਟ ਨੂੰ ਖ਼ਾਲੀ ਕਰ ਸਕਦੀ ਹੈ। ਅੱਜ ਪੁਲਸ ਕਮਿਸ਼ਨਰ ਲੁਧਿਆਣਾ ਦੇ ਅਧਿਕਾਰਤ ਫੇਸਬੁੱਕ ਪੇਜ ‘ਤੇ ਸਾਈਬਰ ਕ੍ਰਾਈਮ ਟੀਮ ਵੱਲੋਂ ਇਕ ਵੀਡੀਓ ਬਣਾ ਕੇ ਲੋਕਾਂ ਨੂੰ ਚੌਕੰਨੇ ਰਹਿਣ ਦੀ ਨਸੀਹਤ ਦਿੱਤੀ ਗਈ ਹੈ, ਤਾਂ ਜੋ ਉਹ ਕਿਸੇ ਤਰ੍ਹਾਂ ਦੀ ਸਾਈਬਰ ਧੋਖਾਧੜੀ ਤੋਂ ਬੱਚ ਸਕਣ। ਜਾਗਰੂਕ ਕਰਨ ਲਈ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ‘ਤੇ ਇਕ ਵੀਡੀਓ ਸੰਦੇਸ਼ ਜਾਰੀ ਕੀਤਾ ਹੈ। ਮਹਿਜ਼ 35 ਸੈਕੰਡ ਦੀ ਇਸ ਵੀਡੀਓ ਵਿਚ ਪੁਲਸ ਅਧਿਕਾਰੀ ਅਮਰਿੰਦਰ ਸਿੰਘ ਨੇ ਇਸ ਪੂਰੀ ਠੱਗੀ ਦਾ ਪਰਦਾਫਾਸ਼ ਕੀਤਾ ਹੈ। ਉਨ੍ਹਾਂ ਨੇ ਬੇਹੱਦ ਸੌਖੇ ਸ਼ਬਦਾਂ ਵਿਚ ਸਮਝਾਇਆ ਹੈ ਕਿ ਕਿਵੇਂ ਡਿਜੀਟਲ ਦੁਨੀਆ ਦੇ ਇਹ ਸ਼ਾਤਿਰ ਸ਼ਿਕਾਰੀ ਇਕ ਲਿੰਕ ਦੇ ਜ਼ਰੀਏ ਲੋਕਾਂ ਦੀ ਜ਼ਿੰਦਗੀ ਭਰ ਦੀ ਕਮਾਈ ਉਡਾ ਸਕਦੇ ਹਨ। ਸਾਈਬਰ ਮਾਹਰਾਂ ਦੇ ਖ਼ੁਲਾਸੇ ਮੁਤਾਬਕ, ਇਹ ਸ਼ਾਤਿਰ ਲੁਟੇਰੇ ਲੋਕਾਂ ਦੀਆਂ ਜ਼ਰੂਰਤਾਂ ਤੇ ਭਾਵਨਾਵਾਂ ਦਾ ਨਾਜਾਇਜ਼ ਫ਼ਾਇਦਾ ਚੁੱਕ ਰਹੇ ਹਨ। ਲੋਕਾਂ ਦੇ ਵਟਸਐਪ ਜਾਂ ਟੈਕਸਟ ਮੈਸੇਜ ‘ਤੇ ਇਕ ਮੈਸੇਜ ਭੇਜਿਆ ਜਾਂਦਾ ਹੈ, ਜਿਸ ਵਿਚ ਲਿਖਿਆ ਹੁੰਦਾ ਹੈ ਕਿ ‘ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਤਹਿਤ ਤੁਹਾਡੀ ਰਾਸ਼ੀ ਮਨਜ਼ੂਰ ਹੋ ਗਈ ਹੈ। ਪੈਸੇ 24 ਘੰਟਿਆਂ ਵਿਚ ਆਪਣੇ ਅਕਾਊਂਟ ਵਿਚ ਹਾਸਲ ਕਰਨ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ।’ ਜਿਉਂ ਹੀ ਕੋਈ ਵਿਅਕਤੀ ਉਸ ਲਿੰਕ ‘ਤੇ ਕਲਿੱਕ ਕਰਦਾ ਹੈ ਤਾਂ ਬਿਲਕੁੱਲ ਸਰਕਾਰੀ ਵੈੱਬਸਾਈਟ ਜਿਹਾ ਦਿਖਣ ਵਾਲਾ ਫਰਜ਼ੀ ਪੇਜ ਖੁੱਲ੍ਹ ਜਾਂਦਾ ਹੈ। ਉੱਥੇ ਫ਼ਾਰਮ ਭਰਨ ਦੇ ਬਹਾਨੇ ਬੈਂਕ ਅਕਾਊਂਟ ਦੀ ਡਿਟੇਲ, ਪਾਸਵਰਡ ਤੇ ਓਟੀਪੀ ਜਿਹੀਆਂ ਗੁਪਤ ਜਾਣਕਾਰੀਆਂ ਮੰਗੀਆਂ ਜਾਂਦੀਆਂ ਹਨ। ਜਿਉਂ ਹੀ ਯੂਜ਼ਰ ਇਸ ਨੂੰ ਸਬਮਿਟ ਕਰਦਾ ਹੈ ਤਾਂ ਉਨ੍ਹਾਂ ਖਾਤੇ ‘ਚੋਂ ਪੈਸੇ ਕੱਟੇ ਜਾਂਦੇ ਹਨ। ਸੋਸ਼ਲ ਮੀਡੀਆ ‘ਤੇ ਪੁਲਸ ਵੱਲੋਂ ਅਪਲੋਡ ਕੀਤੀ ਗਈ ਜਾਗਰੂਕਤਾ ਵੀਡੀਓ ਵਿਚ ਸਾਫ਼ ਦਿਖਾਇਆ ਗਿਆ ਹੈ ਕਿ ਇਹ ਡਿਜੀਟਲ ਠੱਗ ਕਿਸ ਤਰ੍ਹਾਂ ਲੋਕਾਂ ਨੂੰ ਗੁੰਮਰਾਹ ਕਰ ਸਕਦੇ ਹਨ। ਵੀਡੀਓ ਵਿਚ ਲੋਕਾਂ ਤੋਂ ਪੁਰਜ਼ੋਰ ਅਪੀਲ ਕੀਤੀ ਗਈ ਹੈ ਕਿ ਬਿਨਾਂ ਜਾਂਚ-ਪੜਤਾਲ ਕੀਤੇ ਕਿਸੇ ਵੀ ਅਣਜਾਨ ਲਿੰਕ ‘ਤੇ ਕਲਿੱਕ ਨਾ ਕਰੋ। ਸਰਕਾਰ ਕਦੇ ਵੀ ਇਸ ਤਰ੍ਹਾਂ ਲਿੰਕ ਭੇਜ ਕੇ ਪੈਸੇ ਨਵੀਂ ਵੰਡਦੀ। ਸਾਈਬਰ ਸੈੱਲ ਦੇ ਇੰਚਾਰਜ ਸਤਬੀਰ ਸਿੰਘ ਨੇ ਜਨਤਾ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਹਨ ਕਿ ਕਿਸੇ ਵੀ ਸਰਕਾਰੀ ਯੋਜਨਾ ਲਈ ਉਸ ਦੀ ਅਧਿਕਾਰਤ ਸਰਕਾਰੀ ਵੈੱਬਸਾਈਟ ‘ਤੇ ਹੀ ਜਾਓ। ਬੈਂਕ ਖ਼ਾਤੇ, ਏ. ਟੀ. ਐੱਮ. ਜਾਂ ਅਧਾਰ ਕਾਰਡ ਨਾਲ ਜੁੜੀ ਕੋਈ ਵੀ ਨਿੱਜੀ ਜਾਣਕਾਰੀ ਤੇ ਓਟੀਪੀ ਕਿਸੇ ਨਾਲ ਵੀ ਸਾਂਝਾ ਨਾ ਕਰੋ। ਜੇਕਰ ਤੁਜੀਂ ਅਜਿਹੀ ਕਿਸੇ ਠੱਗੀ ਦਾ ਸ਼ਿਕਾਰ ਹੁੰਦੇ ਹੋ ਤਾਂ ਬਿਨਾਂ ਦੇਰ ਕੀਤੇ ਤੁਰੰਤ ਸਾਈਬਰ ਹੈਲਪਲਾਈਨ ਨੰਬਰ 1930 ‘ਤੇ ਫ਼ੋਨ ਕਰ ਕੇ ਆਪਣੀ ਸ਼ਿਕਾਇਤ ਦਰਜ ਕਰਵਾਓ।

