Dr. Satwant Kaur takes a historic step toward becoming the first Sikh woman [to earn a PhD] in Pakistan; a wave of joy sweeps through the Sikh community regarding her PhD viva
ਪਾਕਿਸਤਾਨ ਦੀ ਪਹਿਲੀ ਸਿੱਖ ਬੀਬੀ ਬਣਨ ਵੱਲ ਡਾ. ਸਤਵੰਤ ਕੌਰ ਦਾ ਇਤਿਹਾਸਕ ਕਦਮ, ਪੀਐੱਚ.ਡੀ. ਦੇ ਵਾਈਵਾ ਨੂੰ ਲੈ ਕੇ ਸਿੱਖ ਭਾਈਚਾਰੇ ਵਿੱਚ ਖ਼ੁਸ਼ੀ ਦੀ ਲਹਿਰ
ਲਾਹੌਰ (ਆਵਾਜ਼ਿ ਕੌਮ ਬਿਊਰੋ)- ਪਾਕਿਸਤਾਨ ਦੇ ਸਿੱਖ ਭਾਈਚਾਰੇ ਅਤੇ ਪੰਜਾਬੀ ਮਾਂ-ਬੋਲੀ ਲਈ ਬੇਹੱਦ ਮਾਣ ਅਤੇ ਖ਼ੁਸ਼ੀ ਦੀ ਖ਼ਬਰ ਸਾਹਮਣੇ ਆਈ ਹੈ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (PSGPC) ਦੀ ਜਨਰਲ ਸਕੱਤਰ ਅਤੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ETPB) ਦੀ ਮੈਂਬਰ ਪ੍ਰੋ. ਡਾ. ਸਤਵੰਤ ਕੌਰ ਆਪਣੀ ਪੀਐੱਚ.ਡੀ. ਦੀ ਖੋਜ ਦੇ ਵਾਈਵਾ ਰਾਹੀਂ ਇਤਿਹਾਸ ਰਚਣ ਵੱਲ ਵਧ ਰਹੇ ਹਨ। ਲਾਹੌਰ ਦੇ ਡਾ. ਕਲਿਆਣ ਸਿੰਘ ਕਲਿਆਣ ਵੱਲੋਂ ਆਪਣੇ ਫੇਸਬੁੱਕ ਪੇਜ ਉੱਤੇ ਸਾਂਝੀ ਕੀਤੀ ਜਾਣਕਾਰੀ ਅਨੁਸਾਰ, ਉਨ੍ਹਾਂ ਦੀ ਛੋਟੀ ਭੈਣ ਪ੍ਰੋ. ਡਾ. ਸਤਵੰਤ ਕੌਰ ਦਾ ਪੀਐੱਚ.ਡੀ. ਵਾਈਵਾ ਲਾਹੌਰ ਕਾਲਜ ਫਾਰ ਵੂਮੈਨ ਯੂਨੀਵਰਸਿਟੀ (LCWU), ਲਾਹੌਰ ਵਿਖੇ ਸਵੇਰੇ 9 ਵਜੇ ਹੋਣਾ ਤੈਅ ਸੀ। ਉਨ੍ਹਾਂ ਦੀ ਖੋਜ ਦਾ ਵਿਸ਼ਾ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅਰਬੀ-ਫ਼ਾਰਸੀ ਸ਼ਬਦ, ਤਲਮੀਹਾਤ ਅਤੇ ਇਸਤਿਆਰੇ’ ਹੈ। ਇਹ ਖੋਜ ਗੁਰਬਾਣੀ ਦੀ ਭਾਸ਼ਾਈ, ਸਾਹਿਤਕ ਅਤੇ ਸੱਭਿਆਚਾਰਕ ਅਮੀਰੀ ਨੂੰ ਸਮਝਣ ਦੇ ਪੱਖੋਂ ਬੇਹੱਦ ਮਹੱਤਵਪੂਰਨ ਮੰਨੀ ਜਾ ਰਹੀ ਹੈ। ਇਸ ਖੋਜ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਵਰਤੇ ਗਏ ਅਰਬੀ ਅਤੇ ਫ਼ਾਰਸੀ ਸ਼ਬਦਾਂ ਦੇ ਨਾਲ-ਨਾਲ ਇਤਿਹਾਸਕ ਤੇ ਸਾਹਿਤਕ ਹਵਾਲਿਆਂ ਅਤੇ ਰੂਪਕਾਂ ਦਾ ਡੂੰਘਾਈ ਨਾਲ ਅਧਿਐਨ ਕੀਤਾ ਗਿਆ ਹੈ। ਇਹ ਕਾਰਜ ਪੰਜਾਬੀ ਭਾਸ਼ਾ, ਗੁਰਬਾਣੀ ਅਧਿਐਨ, ਸਾਹਿਤ ਅਤੇ ਅੰਤਰ-ਸੱਭਿਆਚਾਰਕ ਖੋਜ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾਉਣ ਦੀ ਸਮਰੱਥਾ ਰੱਖਦਾ ਹੈ। ਡਾ. ਕਲਿਆਣ ਸਿੰਘ ਕਲਿਆਣ ਨੇ ਇਸ ਪ੍ਰਾਪਤੀ ਨੂੰ ਸਮੁੱਚੇ ਸਿੱਖ ਭਾਈਚਾਰੇ ਲਈ ਇਤਿਹਾਸਕ ਅਤੇ ਮਾਣਮੱਤਾ ਪਲ ਦੱਸਦਿਆਂ ਸੰਗਤਾਂ ਨੂੰ ਅਰਦਾਸਾਂ ਅਤੇ ਸ਼ੁਭਕਾਮਨਾਵਾਂ ਦੇਣ ਦੀ ਅਪੀਲ ਕੀਤੀ ਹੈ। ਦੱਸਣਯੋਗ ਹੈ ਕਿ ਪ੍ਰੋ. ਡਾ. ਸਤਵੰਤ ਕੌਰ ਦੀ ਇਹ ਪ੍ਰਾਪਤੀ ਪਾਕਿਸਤਾਨ ਦੀਆਂ ਸਿੱਖ ਧੀਆਂ ਲਈ ਪ੍ਰੇਰਨਾ ਦਾ ਸਰੋਤ ਬਣ ਸਕਦੀ ਹੈ। ਇਹ ਇਸ ਗੱਲ ਦਾ ਪ੍ਰਮਾਣ ਹੈ ਕਿ ਸਿੱਖਿਆ, ਗਿਆਨ ਅਤੇ ਵਿਦਵਤਾ ਦੀ ਕੋਈ ਧਾਰਮਿਕ ਜਾਂ ਭੂਗੋਲਿਕ ਹੱਦ ਨਹੀਂ ਹੁੰਦੀ। ਸਮੁੱਚੇ ਸਿੱਖ ਭਾਈਚਾਰੇ ਵੱਲੋਂ ਅਰਦਾਸ ਕੀਤੀ ਜਾ ਰਹੀ ਹੈ ਕਿ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਮਿਹਰ ਸਦਕਾ ਪ੍ਰੋ. ਡਾ. ਸਤਵੰਤ ਕੌਰ ਨੂੰ ਇਸ ਵਿਦਿਅਕ ਪੜਾਅ ਵਿੱਚ ਸਫ਼ਲਤਾ ਬਖ਼ਸ਼ਣ ਅਤੇ ਉਹ ਭਵਿੱਖ ਵਿੱਚ ਵੀ ਪੰਜਾਬੀ ਭਾਸ਼ਾ, ਗੁਰਬਾਣੀ ਅਤੇ ਸਿੱਖਿਆ ਦੇ ਖੇਤਰ ਵਿੱਚ ਨਵੀਆਂ ਪ੍ਰਾਪਤੀਆਂ ਕਰਨ। ਇਹ ਪ੍ਰਾਪਤੀ ਸਿਰਫ਼ ਇੱਕ ਪਰਿਵਾਰ ਦਾ ਮਾਣ ਨਹੀਂ, ਸਗੋਂ ਪਾਕਿਸਤਾਨ ਦੇ ਸਮੁੱਚੇ ਸਿੱਖ ਭਾਈਚਾਰੇ ਅਤੇ ਪੰਜਾਬੀ ਜਗਤ ਲਈ ਮਾਣ ਵਾਲੀ ਗੱਲ ਹੈ।

