Drone crashes in fields of Tutwala village
ਤੂਤਵਾਲਾ ਪਿੰਡ ਦੇ ਖੇਤਾਂ ’ਚ ਡਿੱਗਿਆ ਡਰੋਨ
ਅਬੋਹਰ (ਆਵਾਜ਼ਿ ਕੌਮ ਬਿਊਰੋ)- ਪੁਲਸ ਆਜ਼ਾਦੀ ਦਿਵਸ ਲਈ ਸੁਰੱਖਿਆ ਪ੍ਰਬੰਧ ਸਖ਼ਤ ਕਰ ਰਹੀ ਹੈ। ਇਸ ਦੌਰਾਨ ਬੀਤੀ ਦੁਪਹਿਰ ਸ੍ਰੀ ਗੰਗਾਨਗਰ ਰੋਡ ’ਤੇ ਤੂਤਵਾਲਾ ਪਿੰਡ ਦੇ ਖੇਤਾਂ ’ਚ ਇਕ ਡਰੋਨ ਡਿੱਗਿਆ, ਜਿਸ ਕਾਰਨ ਇਲਾਕੇ ’ਚ ਹਫੜਾ-ਦਫੜੀ ਮਚ ਗਈ। ਸੂਚਨਾ ਮਿਲਣ ’ਤੇ ਖੂਈਆਂ ਸਰਵਰ ਥਾਣੇ ਦੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਇਲਾਕੇ ਨੂੰ ਘੇਰ ਲਿਆ। ਬਾਅਦ ’ਚ ਫ਼ੌਜ ਅਤੇ ਸੀਮਾ ਸੁਰੱਖਿਆ ਬਲ (ਬੀ. ਐੱਸ. ਐੱਫ.) ਦੇ ਅਧਿਕਾਰੀ ਵੀ ਪਹੁੰਚੇ ਅਤੇ ਜਾਂਚ ਲਈ ਡਰੋਨ ਨੂੰ ਆਪਣੇ ਕਬਜ਼ੇ ’ਚ ਲੈ ਲਿਆ। ਰਿਪੋਰਟਾਂ ਅਨੁਸਾਰ ਤੂਤਵਾਲਾ ਪਿੰਡ ਦੇ ਕਿਸਾਨ ਟੋਨੀ ਦੇ ਕਿੰਨੂ ਦੇ ਬਾਗ ’ਚ ਇਕ ਕਾਲਾ ਡਰੋਨ ਅਚਾਨਕ ਡਿੱਗਿਆ। ਆਲੇ-ਦੁਆਲੇ ਦੇ ਖੇਤਾਂ ’ਚ ਕੰਮ ਕਰਨ ਵਾਲੇ ਕਿਸਾਨਾਂ ਨੇ ਡਰੋਨ ਨੂੰ ਡਿੱਗਦਾ ਦੇਖਿਆ ਅਤੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਖੂਈਆਂ ਸਰਵਰ ਥਾਣੇ ਦੇ ਐੱਸ. ਐੱਚ. ਓ. ਪ੍ਰਤਾਪ ਸਿੰਘ ਪੁਲਸ ਟੀਮ ਨਾਲ ਪਹੁੰਚੇ ਤੇ ਡਰੋਨ ਕਬਜ਼ੇ ’ਚ ਲੈ ਲਿਆ ਅਤੇ ਆਲੇ-ਦੁਆਲੇ ਦੇ ਖੇਤਰ ਦਾ ਮੁਆਇਨਾ ਕੀਤਾ। ਥੋੜ੍ਹੀ ਦੇਰ ਬਾਅਦ ਭਾਰਤੀ ਫ਼ੌਜ ਅਤੇ ਸੀਮਾ ਸੁਰੱਖਿਆ ਬਲ (ਬੀ. ਐੱਸ. ਐੱਫ.) ਦੇ ਅਧਿਕਾਰੀ ਵੀ ਪਹੁੰਚੇ। ਉਨ੍ਹਾਂ ਨੇ ਡਰੋਨ ਦਾ ਨਿਰੀਖਣ ਕੀਤਾ ਅਤੇ ਇਸ ਨੂੰ ਆਪਣੇ ਨਾਲ ਲੈ ਗਏ। ਪੁਲਸ ਸੂਤਰਾਂ ਅਨੁਸਾਰ ਮੁੱਢਲੀ ਜਾਣਕਾਰੀ ਤੋਂ ਪਤਾ ਚੱਲਦਾ ਹੈ ਕਿ ਡਰੋਨ ਭਾਰਤੀ ਫੌਜ ਦਾ ਸੀ ਅਤੇ ਤਕਨੀਕੀ ਸਮੱਸਿਆ ਕਾਰਨ ਖੇਤਾਂ ’ਚ ਡਿੱਗ ਗਿਆ। ਹਾਲਾਂਕਿ ਅਧਿਕਾਰੀਆਂ ਨੇ ਡਰੋਨ ਬਾਰੇ ਕੋਈ ਵਿਸਤ੍ਰਿਤ ਜਾਣਕਾਰੀ ਜਾਰੀ ਨਹੀਂ ਕੀਤੀ ਹੈ।

