Efforts to de-escalate tensions between India and China intensify! Second round of commander-level talks concludes
ਭਾਰਤ-ਚੀਨ ਵਿਚਾਲੇ ਤਣਾਅ ਘਟਾਉਣ ਦੀਆਂ ਕੋਸ਼ਿਸ਼ਾਂ ਤੇਜ਼ ! ਕਮਾਂਡਰ ਲੈਵਲ ਦੀ ਗੱਲਬਾਤ ਦਾ ਦੂਜਾ ਦੌਰ ਖ਼ਤਮ
New Delhi, (ਆਵਾਜ਼ਿ ਕੌਮ ਬਿਊਰੋ)-ਅਰੁਣਾਚਲ ਪ੍ਰਦੇਸ਼ ਦੀ ਸਰਹੱਦ ’ਤੇ ਭਾਰੀ ਠੰਢ ਸ਼ੁਰੂ ਹੋਣ ਤੋਂ ਪਹਿਲਾਂ ਤਣਾਅ ਘਟਾਉਣ ਲਈ ਭਾਰਤ ਤੇ ਚੀਨ ਦਰਮਿਆਨ ਕਮਾਂਡਰ ਲੈਵਲ ਦੀ ਫੌਜੀ ਗੱਲਬਾਤ ਦਾ ਦੂਜਾ ਦੌਰ ਖਤਮ ਹੋ ਗਿਆ ਹੈ। ਲੈਫਟੀਨੈਂਟ ਜਨਰਲ ਗਿਰੀਸ਼ ਕਾਲੀਆ ਨੇ ਨਾਗਾਲੈਂਡ ਦੇ ਦੀਮਾਪੁਰ ’ਚ ਭਾਰਤੀ ਵਫ਼ਦ ਦੀ ਅਗਵਾਈ ਕੀਤੀ। ਉਨ੍ਹਾਂ ਆਪਣੇ ਚੀਨੀ ਹਮਰੁਤਬਾ ਤੇ ਹੋਰ ਫੌਜੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਇਹ ਤਾਜ਼ਾ ਬੈਠਕ 6 ਤੇ 7 ਸਤੰਬਰ ਨੂੰ ਪੂਰਬੀ ਸੈਕਟਰ ’ਚ ਕੋਰ ਕਮਾਂਡਰ ਪੱਧਰ ਦੀ ਪਹਿਲੀ ਬੈਠਕ ਤੋਂ ਬਾਅਦ ਹੋਈ। ਗੱਲਬਾਤ ਵਾਚਾ-ਦਮਈ ਸਰਹੱਦੀ ਕਰਮਚਾਰੀ ਮੀਟਿੰਗ ਪੁਆਇੰਟਾਂ ’ਤੇ ਹੋਈ। ਗੱਲਬਾਤ ਦਾ ਮੰਤਵ ਦੋਵਾਂ ਫੌਜਾਂ ਦਰਮਿਆਨ ਸਪੱਸ਼ਟ ਕਾਰਜ ਪ੍ਰਣਾਲੀਆਂ ਸਥਾਪਤ ਕਰਨਾ, ਗਸ਼ਤ ਕਰਨ ਵਾਲੀਆਂ ਪਾਰਟੀਆਂ ਦਰਮਿਆਨ ਟਕਰਾਅ ਤੋਂ ਬਚਣਾ, ਗੱਲਬਾਤ ਦੇ ਚੈਨਲਾਂ ਨੂੰ ਖੁੱਲ੍ਹਾ ਰੱਖਣਾ ਤੇ ਸਥਾਨਕ ਟਕਰਾਵਾਂ ਨੂੰ ਕਿਸੇ ਵੱਡੇ ਫੌਜੀ ਡੈੱਡਲਾਕ ’ਚ ਤਬਦੀਲ ਹੋਣ ਤੋਂ ਰੋਕਣਾ ਸੀ। ਇਹ ਗੱਲਬਾਤ ਅਰੁਣਾਚਲ ਪ੍ਰਦੇਸ਼ ’ਚ ਅਸਲ ਕੰਟਰੋਲ ਰੇਖਾ ਦੇ ਕੁਝ ਹਿੱਸਿਆਂ ’ਤੇ ਲਗਾਤਾਰ ਤਣਾਅ ਦੇ ਸਮੇਂ ਹੋਈ ਹੈ, ਜਿੱਥੇ ਭਾਰਤੀ ਤੇ ਚੀਨੀ ਫੌਜਾਂ ਕਈ ਥਾਵਾਂ ’ਤੇ ਆਹਮੋ-ਸਾਹਮਣੇ ਹਨ। ਜ਼ਿਕਰਯੋਗ ਹੈ ਕਿ ਅਰੁਣਾਚਲ ਪ੍ਰਦੇਸ਼ ’ਚ ਸਰਹੱਦੀ ਵਿਵਾਦ ਇਸ ਤੱਥ ਤੋਂ ਪੈਦਾ ਹੋਇਆ ਹੈ ਕਿ ਚੀਨ ਮੈਕਮੋਹਨ ਲਾਈਨ ਨੂੰ ਮਾਨਤਾ ਨਹੀਂ ਦਿੰਦਾ, ਜਦੋਂ ਕਿ ਭਾਰਤ ਇਸ ਨੂੰ ਪੂਰਬੀ ਖੇਤਰ ਦੇ ਦੋਵਾਂ ਦੇਸ਼ਾਂ ਦਰਮਿਆਨ ਹੱਦ ਮੰਨਦਾ ਹੈ। ਇਹ 1914 ਦੀ ਸ਼ਿਮਲਾ ਕਨਵੈਨਸ਼ਨ ਅਧੀਨ ਬ੍ਰਿਟਿਸ਼ ਭਾਰਤ, ਤਿੱਬਤ ਤੇ ਚੀਨ ਦਰਮਿਆਨ ਨਿਰਧਾਰਤ ਕੀਤੀ ਗਈ ਸੀ। ਬ੍ਰਿਟਿਸ਼ ਭਾਰਤ ਅਤੇ ਤਿੱਬਤ ਦੇ ਪ੍ਰਤੀਨਿਧੀਆਂ ਨੇ ਇਕ ਸਮਝੌਤੇ ’ਤੇ ਦਸਤਖਤ ਕੀਤੇ ਸਨ ਜਿਸ ਨੂੰ ਬਾਅਦ ’ਚ ਚੀਨ ਨੇ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

