Electric current in a 5-star hotel’s swimming pool! 2 foreign nationals lose their lives
5 ਸਟਾਰ ਹੋਟਲ ਦੇ ਸਵਿਮਿੰਗ ਪੂਲ ‘ਚ ਆ ਗਿਆ ਕਰੰਟ ! 2 ਵਿਦੇਸ਼ੀ ਨਾਗਰਿਕਾਂ ਦੀ ਗਈ ਜਾਨ
ਬੈਂਗਲੁਰੂ (ਆਵਾਜ਼ਿ ਕੌਮ ਬਿਊਰੋ)- ਬੈਂਗਲੁਰੂ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ 5 ਸਟਾਰ ਹੋਟਲ ‘ਚ ਸ਼ੁੱਕਰਵਾਰ ਸ਼ਾਮ ਨੂੰ ਸਵਿਮਿੰਗ ਪੂਲ ‘ਚ ਕਰੰਟ ਲੱਗਣ ਕਾਰਨ 2 ਵਿਦੇਸ਼ੀ ਨਾਗਰਿਕਾਂ ਦੀ ਮੌਤ ਹੋ ਗਈ। ਇਹ ਹਾਦਸਾ ਸ਼ਹਿਰ ਦੇ 5 ਸਟਾਰ ‘ਕੋਨਰਾਡ’ ਹੋਟਲ ‘ਚ ਵਾਪਰਿਆ। ਮ੍ਰਿਤਕਾਂ ਦੀ ਪਛਾਣ ਜਰਮਨੀ ਅਤੇ ਸਲੋਵਾਕੀਆ ਦੇ ਨਾਗਰਿਕਾਂ ਵਜੋਂ ਹੋਈ ਹੈ, ਜੋ ਇਸ ਹੋਟਲ ‘ਚ ਰੁਕੇ ਹੋਏ ਸਨ। ਇਨ੍ਹਾਂ ਦੋਵਾਂ ਤੋਂ ਇਲਾਵਾ, ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ 2 ਹੋਰ ਵਿਅਕਤੀ ਵੀ ਜ਼ਖਮੀ ਹੋ ਗਏ। ਇਨ੍ਹਾਂ ‘ਚ ਇਕ ਅਮਰੀਕੀ ਨਾਗਰਿਕ (ਜੋ ਹੋਟਲ ‘ਚ ਮਹਿਮਾਨ ਸੀ) ਅਤੇ ਇਕ ਭਾਰਤੀ ਪੂਲ ਅਟੈਂਡੈਂਟ ਸ਼ਾਮਲ ਹਨ। ਜਰਮਨ ਨਾਗਰਿਕ ਦੀ ਪਛਾਣ 57 ਸਾਲਾ ਅਲੈਗਜ਼ੈਂਡਰ ਮੈਕਸੀਮਿਲੀਅਨ ਥੀਸ ਵਜੋਂ ਹੋਈ ਹੈ, ਜੋ ਲੁਫਥਾਂਸਾ ਏਅਰਲਾਈਨਜ਼ ਦਾ ਕਰਮਚਾਰੀ ਸੀ। ਜਾਨ ਗੁਆਉਣ ਵਾਲੇ ਸਲੋਵਾਕੀਆ ਦੇ ਨਾਗਰਿਕ ਦੀ ਪਛਾਣ 45 ਸਾਲਾ ਜੁਰਾਜ ਹੋਰਵਾਟ ਵਜੋਂ ਹੋਈ ਹੈ, ਜੋ ਤਕਨੀਕੀ ਦਿੱਗਜ ਕੰਪਨੀ ਆਈ.ਬੀ.ਐੱਮ. (IBM) ‘ਚ ਪ੍ਰਾਜੈਕਟ ਮੈਨੇਜਰ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਸ਼ੁੱਕਰਵਾਰ ਸ਼ਾਮ ਨੂੰ ਹੋਟਲ ਦੀ ਤੀਜੀ ਮੰਜ਼ਿਲ ‘ਤੇ ਸਥਿਤ ਸਵਿਮਿੰਗ ਪੂਲ ‘ਚ ਵਾਪਰੀ, ਜਦੋਂ ਇਹ ਦੋਵੇਂ ਵਿਅਕਤੀ ਉੱਥੇ ਸਵੀਮਿੰਗ ਕਰਨ ਗਏ ਸਨ। ਹੋਟਲ ‘ਚ ਠਹਿਰੇ 41 ਸਾਲਾ ਅਮਰੀਕੀ ਨਾਗਰਿਕ ਮੈਥਿਊ ਡੀਸੈਂਟਿਸ ਅਤੇ ਭਾਰਤੀ ਪੂਲ ਅਟੈਂਡੈਂਟ ਰਾਹੁਲ ਤਿਵਾਰੀ (28) ਇਨ੍ਹਾਂ ਦੋਵਾਂ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਜ਼ਖਮੀ ਹੋ ਗਏ। ਦੋਵਾਂ ਜ਼ਖਮੀਆਂ ਨੂੰ ਮਨੀਪਾਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ ਉਹ ਖ਼ਤਰੇ ਤੋਂ ਬਾਹਰ ਹਨ।

