Expensive gold has changed the nature of shopping, increasing demand for light jewelry during festivals and weddings
ਮਹਿੰਗੇ ਸੋਨੇ ਨੇ ਬਦਲਿਆ ਖ਼ਰੀਦਦਾਰੀ ਦਾ ਰੂਪ, ਤਿਉਹਾਰਾਂ ਤੇ ਵਿਆਹਾਂ ‘ਚ ਹਲਕੇ ਗਹਿਣਿਆਂ ਦੀ ਵਧੀ ਮੰਗ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਵਧਦੀ ਮਹਿੰਗਾਈ ਅਤੇ ਸੋਨੇ ਦੀਆਂ ਉੱਚੀਆਂ ਕੀਮਤਾਂ ਨੇ ਤਿਉਹਾਰਾਂ ਅਤੇ ਵਿਆਹਾਂ ਦੀ ਖ਼ਰੀਦਦਾਰੀ ਦਾ ਰੂਪ ਬਦਲ ਦਿੱਤਾ ਹੈ। ਗਾਹਕ ਹੁਣ ਭਾਰੀ ਗਹਿਣਿਆਂ ਦੇ ਬਜਾਏ ਹਲਕੇ ਵਜ਼ਨ ਦੇ ਗਹਿਣੇ ਖ਼ਰੀਦ ਰਹੇ ਹਨ। ਕੱਪੜਿਆਂ ਦੀ ਖ਼ਰੀਦਦਾਰੀ ’ਚ ਵੀ ਮਹਿੰਗੇ ਬਦਲਾਂ ਤੋਂ ਦੂਰੀ ਬਣਾ ਕੇ ਸਸਤੇ ਉਤਪਾਦਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਦਿੱਲੀ ਦੇ ਸਰਾਫ਼ਾ ਅਤੇ ਕੱਪੜਾ ਬਾਜ਼ਾਰਾਂ ’ਚ ਗਾਹਕਾਂ ਦੀ ਬਦਲੀ ਪਸੰਦ ਦਾ ਅਸਰ ਸਾਫ਼ ਵਿਖਾਈ ਦੇਣ ਲੱਗਾ ਹੈ। ਇਕ ਰਿਪੋਰਟ ’ਚ ਦਰੀਬਾ ਦੇ ਸਰਾਫ਼ਾ ਕਾਰੋਬਾਰੀ ਮਨੀਸ਼ ਵਰਮਾ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਪਹਿਲਾਂ ਇਕ ਬਿੱਲ ’ਤੇ ਔਸਤਨ 5 ਤੋਂ 10 ਗ੍ਰਾਮ ਸੋਨੇ ਦੇ ਗਹਿਣੇ ਵਿਕਦੇ ਸਨ, ਪਰ ਹੁਣ ਗਾਹਕ 2 ਤੋਂ 5 ਗ੍ਰਾਮ ਦੇ ਗਹਿਣੇ ਖ਼ਰੀਦ ਰਹੇ ਹਨ। ਸੋਨੇ ਦੇ ਵਜ਼ਨ ਦੀ ਵਿਕਰੀ ’ਚ ਲਗਭਗ 30 ਤੋਂ 40 ਫ਼ੀਸਦੀ ਤੱਕ ਦਾ ਫਰਕ ਆਇਆ ਹੈ। ਹਲਕੀ ਚੇਨ, ਛੋਟੀਆਂ ਅੰਗੂਠੀਆਂ ਅਤੇ ਘੱਟ ਵਜ਼ਨ ਦੇ ਝੁਮਕੇ ਜ਼ਿਆਦਾ ਪਸੰਦ ਕੀਤੇ ਜਾ ਰਹੇ ਹਨ। ਕੀਮਤਾਂ ਵਧਣ ਨਾਲ ਬਿੱਲ ਦੀ ਰਕਮ ’ਚ ਬਹੁਤਾ ਫਰਕ ਨਹੀਂ ਆਇਆ, ਪਰ ਗਾਹਕਾਂ ਨੂੰ ਵਜ਼ਨ ਅਤੇ ਡਿਜ਼ਾਈਨ ’ਚ ਸਮਝੌਤਾ ਕਰਨਾ ਪੈ ਰਿਹਾ ਹੈ। ਇਸੇ ਤਰ੍ਹਾਂ, ਚਾਂਦਨੀ ਚੌਕ ਦੇ ਥੋਕ ਕੱਪੜਾ ਕਾਰੋਬਾਰੀ ਸ਼੍ਰੀਭਗਵਾਨ ਬਾਂਸਲ ਦਾ ਕਹਿਣਾ ਹੈ ਕਿ ਧਾਗੇ, ਬੁਣਾਈ ਅਤੇ ਭਾੜੇ ਦੀ ਲਾਗਤ ਵਧਣ ਨਾਲ ਸਾੜ੍ਹੀਆਂ, ਲਹਿੰਗਿਆਂ, ਔਰਤਾਂ ਦੇ ਸੂਟ ਅਤੇ ਰੈਡੀਮੇਡ ਕੱਪੜਿਆਂ ਦੀਆਂ ਕੀਮਤਾਂ ਵਧੀਆਂ ਹਨ। ਅਜਿਹੇ ’ਚ ਗਾਹਕ ਆਪਣੇ ਬਜਟ ਦੇ ਅਨੁਕੂਲ ਘੱਟ ਕੀਮਤ ਵਾਲੇ ਬਦਲ ਚੁਣ ਰਹੇ ਹਨ। ਸਰੋਜਨੀ ਨਗਰ ਦੇ ਰੈਡੀਮੇਡ ਕਾਰੋਬਾਰੀ ਅਸ਼ੋਕ ਰੰਧਾਵਾ ਅਨੁਸਾਰ, ਕਾਰੋਬਾਰੀਆਂ ਦਾ ਜ਼ੋਰ ਵੀ ਹੁਣ ਅਜਿਹੇ ਉਤਪਾਦਾਂ ’ਤੇ ਹੈ, ਜਿਨ੍ਹਾਂ ਨੂੰ ਗਾਹਕ ਆਸਾਨੀ ਨਾਲ ਖ਼ਰੀਦ ਸਕਣ। ਦਰੀਬਾ ਦੇ ਸਰਾਫ਼ਾ ਕਾਰੋਬਾਰੀ ਬਸੰਤ ਗੁਪਤਾ ਨੇ ਦੱਸਿਆ ਕਿ ਸੋਨੇ-ਚਾਂਦੀ ਦੀਆਂ ਵਧਦੀਆਂ ਕੀਮਤਾਂ ਦਾ ਅਸਰ ਵਿਆਹਾਂ ਲਈ ਖ਼ਰੀਦਦਾਰੀ ’ਤੇ ਸਭ ਤੋਂ ਵੱਧ ਪੈ ਰਿਹਾ ਹੈ। ਗਾਹਕ ਹਲਕੇ ਗਹਿਣੇ ਚੁਣਨ ਦੇ ਨਾਲ ਲਾੜੇ-ਲਾੜੀ ਅਤੇ ਪਰਿਵਾਰਕ ਮੈਂਬਰਾਂ ਲਈ ਖ਼ਰੀਦੇ ਜਾਣ ਵਾਲੇ ਗਹਿਣਿਆਂ ਦੀ ਗਿਣਤੀ ਵੀ ਘਟਾ ਰਹੇ ਹਨ। ਇਸ ਨਾਲ ਕਾਰੋਬਾਰੀਆਂ ਦੇ ਸਾਹਮਣੇ ਗਾਹਕਾਂ ਦੇ ਬਜਟ ਦੇ ਅਨੁਕੂਲ ਹਲਕੇ ਅਤੇ ਆਕਰਸ਼ਕ ਡਿਜ਼ਾਈਨ ਤਿਆਰ ਕਰਨ ਦੀ ਚੁਣੌਤੀ ਵਧ ਗਈ ਹੈ।

