Farmers cheated of Rs 35 lakhs by promising 80 percent subsidy on agricultural implements
ਖੇਤੀਬਾੜੀ ਸੰਦਾਂ ’ਤੇ 80 ਫ਼ੀਸਦੀ ਸਬਸਿਡੀ ਦਾ ਝਾਂਸਾ ਦੇ ਕੇ ਕਿਸਾਨਾਂ ਨਾਲ 35 ਲੱਖ ਦੀ ਠੱਗੀ
ਗੁਰੂਹਰਸਹਾਏ (ਆਵਾਜ਼ਿ ਕੌਮ ਬਿਊਰੋ)-ਗੁਰੂਹਰਸਹਾਏ ਅਧੀਨ ਆਉਂਦੀ ਬਸਤੀ ਡੇਹਰਿਆਂ ਵਾਲੀ ਵਿਖੇ ਇਕ ਕਿਸਾਨ ਨੂੰ ਖੇਤੀਬਾੜੀ ਸੰਦਾਂ ’ਤੇ ਸਬਸਿਡੀ ਦਿਵਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀਅਨ ਨੇ ਆਪਸੀ ਮਿਲੀ-ਭੁਗਤ ਕਰਕੇ ਕਿਸਾਨਾਂ ਨੂੰ ਆਪਣੇ ਜਾਲ ‘ਚ ਫਸਾਇਆ ਅਤੇ ਲਗਭਗ 35 ਲੱਖ ਰੁਪਏ ਦੀ ਠੱਗੀ ਮਾਰ ਕੇ ਫ਼ਰਾਰ ਹੋ ਗਏ। ਥਾਣਾ ਗੁਰੂਹਰਸਹਾਏ ਪੁਲਸ ਨੇ ਦੱਸਿਆ ਕਿ 6 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ‘ਚ ਸ਼ਿਕਾਇਤਕਰਤਾ ਸੰਦੀਪ ਕੁਮਾਰ ਪੁੱਤਰ ਅਮਰਜੀਤ ਵਾਸੀ ਬਸਤੀ ਡੇਹਰਿਆਂ ਵਾਲੀ ਗੁਰੂਹਰਸਹਾਏ ਨੇ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਦੋਸ਼ੀਅਨ ਰਾਜਨ ਪੁੱਤਰ ਪੱਪੂ, ਪੱਪੂ ਪੁੱਤਰ ਬੂਟਾ ਰਾਮ ਵਾਸੀਅਨ ਬਸਤੀ ਡੇਹਰਿਆਂ ਵਾਲੀ ਗੁਰੂਹਰਸਹਾਏ, ਮੌੜ ਪੁੱਤਰ ਪੱਪੂ ਉਰਫ ਪਿੱਪਲ, ਰਿੰਕੂ ਪਤਨੀ ਮੌੜ ਵਾਸੀਅਨ ਬਸਤੀ ਡੇਹਰਿਆਂ ਵਾਲੀ ਗੁਰੂਹਰਸਹਾਏ ਹਾਲ ਵਾਸੀ ਰਾਮ ਦਰਬਾਰ ਕਾਲੋਨੀ ਨਜ਼ਦੀਕ ਗੁਰਦੁਆਰਾ ਫੇਜ਼-8 ਸੈਕਟਰ-62, ਚੰਡੀਗੜ੍ਹ, ਸੁਮਨ ਪਤਨੀ ਰਾਜਨ ਪੁੱਤਰ ਪੱਪੂ ਅਤੇ ਪ੍ਰਕਾਸ਼ ਕੌਰ ਉਰਫ ਪਾਸ਼ੋ ਵਾਸੀਅਨ ਵਸਤੀ ਭੱਟੀਆਂ ਵਾਲੀ ਫਿਰੋਜ਼ਪੁਰ ਸ਼ਹਿਰ ਨੇ ਉਸ ਨੂੰ ਅਤੇ ਹੋਰ ਕਿਸਾਨਾਂ ਨੂੰ ਖੇਤੀਬਾੜੀ ਦੇ ਆਧੁਨਿਕ ਸੰਦਾਂ ’ਤੇ 80 ਫ਼ੀਸਦੀ ਸਬਸਿਡੀ ਗਰੁੱਪਾਂ ਰਾਹੀਂ ਦਿਵਾਉਣ ਦਾ ਝਾਂਸਾ ਦਿੱਤਾ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਨ੍ਹਾਂ ਨੇ ਅਤੇ ਹੋਰ ਕਿਸਾਨ ਨੇ ਇਸ ਝਾਂਸੇ ‘ਚ ਆ ਕੇ ਦੋਸ਼ੀਅਨ ’ਤੇ ਭਰੋਸਾ ਕਰ ਲਿਆ। ਇਸ ਤੋਂ ਬਾਅਦ ਦੋਸ਼ੀਅਨ ਨੇ ਆਪਸੀ ਮਿਲੀ-ਭੁਗਤ ਕਰਦਿਆਂ ਵੱਖ-ਵੱਖ ਕਿਸਾਨਾਂ ਤੋਂ ਲਗਭਗ 35 ਲੱਖ ਰੁਪਏ ਹੜੱਪ ਲਏ ਅਤੇ ਕੋਈ ਸਬਸਿਡੀ ਜਾਂ ਸੰਦ ਨਹੀਂ ਦਿਵਾਏ। ਇਸ ਮਾਮਲੇ ਦੀ ਤਫ਼ਤੀਸ਼ ਕਰ ਰਹੇ ਸਬ-ਇੰਸਪੈਕਟਰ ਵੇਦ ਪ੍ਰਕਾਸ਼ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

