Father of Moosewala’s former manager Shaganpreet arrested in connection with the firing incident at Gulab Sidhu’s house!
ਗੁਲਾਬ ਸਿੱਧੂ ਦੇ ਘਰ ‘ਤੇ ਫਾਇਰਿੰਗ ਮਾਮਲੇ ‘ਚ ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਦਾ ਪਿਤਾ ਗ੍ਰਿਫਤਾਰ !
ਖੰਨਾ (ਆਵਾਜ਼ਿ ਕੌਮ ਬਿਊਰੋ)-ਗੁਲਾਬ ਸਿੱਧੂ ਦੇ ਘਰ ‘ਤੇ ਹੋਈ ਫਾਇਰਿੰਗ ਮਾਮਲੇ ‘ਚ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਬਰਨਾਲਾ ਪੁਲਸ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਸਿੰਘ ਦੇ ਪਿਤਾ ਸੌਦਾਗਰ ਸਿੰਘ ਨੂੰ ਖੰਨਾ ਤੋਂ ਗ੍ਰਿਫਤਾਰ ਕੀਤਾ ਹੈ, ਜਿਸ ਮਗਰੋਂ ਇਸ ਮਾਮਲੇ ਦੇ ਤਾਰ ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਦੇ ਪਰਿਵਾਰ ਨਾਲ ਜੁੜਦੇ ਨਜ਼ਰ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਸੌਦਾਗਰ ਸਿੰਘ ਖੰਨਾ ਦੀ ਇਕ ਅਦਾਲਤ ਵਿੱਚ ਵੈਸ਼ਨੋ ਢਾਬੇ ‘ਤੇ ਹੋਈ ਫਾਇਰਿੰਗ ਮਾਮਲੇ ਵਿੱਚ ਪੇਸ਼ੀ ਲਈ ਆਏ ਹੋਏ ਸਨ, ਜਿੱਥੋਂ ਉਨ੍ਹਾਂ ਨੂੰ ਬਰਨਾਲਾ ਪੁਲਸ ਨੇ ਗ੍ਰਿਫਤਾਰ ਕਰ ਲਿਆ। ਦੱਸ ਦੇਈਏ ਕਿ ਸਿੱਧੂ ਦੇ ਘਰ ‘ਤੇ ਫਾਇਰਿੰਗ ਕਰਨ ਵਾਲੇ 3 ਨੌਜਵਾਨਾਂ ਨੂੰ ਪੁਲਸ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ। ਉਥੇ ਹੀ ਜੇਕਰ ਸ਼ਗਨਪ੍ਰੀਤ ਦੀ ਗੱਲ ਕਰੀਏ ਤਾਂ ਉਹ ਮੂਸੇਵਾਲਾ ਦੀ ਮੌਤ ਤੋਂ ਬਾਅਦ ਵਿਦੇਸ਼ ਵਿੱਚ ਫਰਾਰ ਹੋ ਗਿਆ ਸੀ ਅਤੇ ਕਈ ਮਾਮਲਿਆਂ ਵਿੱਚ ਨਾਮਜ਼ਦ ਹੈ। ਇਸ ਤੋਂ ਇਲਾਵਾ ਸ਼ਗਨਪ੍ਰੀਤ ਦੇ ਪਿਤਾ ਸੌਦਾਗਰ ਸਿੰਘ ਅਤੇ ਉਸ ਦੀ ਮਾਂ ਦਾ ਨਾਂ ਵੀ ਫਿਰੌਤੀ ਅਤੇ ਫਾਇਰਿੰਗ ਦੇ ਮਾਮਲਿਆਂ ਵਿਚ ਸਾਹਮਣੇ ਆ ਚੁੱਕਾ ਹੈ।

