ਆਤਿਸ਼ੀ ਦੀ ਵੀਡੀਓ ਨੂੰ ਤਕਨਾਲੋਜੀ ਨਾਲ ਤੋੜ-ਮਰੋੜ ਕੇ ਅਪਲੋਡ ਕਰਨ ਦੇ ਮਾਮਲੇ ਵਿੱਚ ਜਲੰਧਰ ਪੁਲਿਸ ਕਮਿਸ਼ਨਰੇਟ ਵਿਖੇ ਐਫਆਈਆਰ

09 ਜਨਵਰੀ 2026, ਜਲੰਧਰ – ਜਲੰਧਰ ਪੁਲਿਸ ਕਮਿਸ਼ਨਰੇਟ ਵਿਖੇ ਸ੍ਰੀ ਇਕਬਾਲ ਸਿੰਘ ਦੀ ਸ਼ਿਕਾਇਤ ‘ਤੇ ਐਫਆਈਆਰ ਦਰਜ ਕੀਤੀ ਗਈ ਹੈ। ਇਹ ਮਾਮਲਾ ਦਿੱਲੀ ਵਿਧਾਨ ਸਭਾ ‘ਚ ਵਿਰੋਧੀ ਧਿਰ ਦੀ ਨੇਤਾ ਅਤੇ ਐਮ.ਐਲ.ਏ. ਸ੍ਰੀਮਤੀ ਆਤਿਸ਼ੀ ਦੀ ਇੱਕ ਵੀਡੀਓ ਨੂੰ ਤਕਨਾਲੋਜੀ ਨਾਲ ਤੋੜ-ਮਰੋੜ ਕੇ ਅਤੇ ਡਾਕਟਰ ਕਰਕੇ ਗਲਤ ਢੰਗ ਨਾਲ ਅਪਲੋਡ ਅਤੇ ਪ੍ਰਸਾਰਿਤ ਕਰਨ ਨਾਲ ਜੁੜਿਆ ਹੈ।
ਸੋਸ਼ਲ ਮੀਡੀਆ ‘ਤੇ ਕਈ ਪੋਸਟਾਂ ਵਿੱਚ ਛੋਟੀ ਵੀਡੀਓ ਕਲਿੱਪ ਸਾਂਝੀ ਕੀਤੀ ਗਈ ਸੀ ਜਿਸ ਵਿੱਚ ਆਤਿਸ਼ੀ ਨੂੰ ਗੁਰੂਆਂ ਵਿਰੁੱਧ ਕਥਿਤ ਤੌਰ ‘ਤੇ ਅਪਮਾਨਜਨਕ ਅਤੇ ਨਿੰਦਿਆ ਭਰੀਆਂ ਟਿੱਪਣੀਆਂ ਕਰਦੇ ਦਿਖਾਇਆ ਗਿਆ ਸੀ ਅਤੇ ਭੜਕਾਊ ਸੁਰਖੀਆਂ ਲਗਾਈਆਂ ਗਈਆਂ ਸਨ। ਜਾਂਚ ਵਿਗਿਆਨਕ ਢੰਗ ਨਾਲ ਕੀਤੀ ਗਈ ਅਤੇ ਸ੍ਰੀਮਤੀ ਆਤਿਸ਼ੀ ਦੀ ਆਡੀਓ ਵਾਲੀ ਵੀਡੀਓ ਕਲਿੱਪ ਸ੍ਰੀ ਕਪਿਲ ਮਿਸ਼ਰਾ ਦੇ ਸੋਸ਼ਲ ਮੀਡੀਆ ਐਕਸ ਪਲੇਟਫਾਰਮ ਤੋਂ ਡਾਊਨਲੋਡ ਕਰਕੇ ਫੋਰੈਂਸਿਕ ਜਾਂਚ ਲਈ ਡਾਇਰੈਕਟਰ, ਫੋਰੈਂਸਿਕ ਸਾਇੰਸ ਲੈਬਾਰਟਰੀ, ਪੰਜਾਬ, ਐਸਏਐਸ ਨਗਰ ਨੂੰ ਭੇਜੀ ਗਈ ਸੀ।
ਫੋਰੈਂਸਿਕ ਰਿਪੋਰਟ (ਮਿਤੀ 09-01-2026) ਅਨੁਸਾਰ ਇਹ ਸਾਹਮਣੇ ਆਇਆ ਹੈ ਕਿ ਸ੍ਰੀਮਤੀ ਆਤਿਸ਼ੀ ਨੇ ਆਪਣੀ ਆਡੀਓ ਵਿੱਚ ਕਿਤੇ ਵੀ “ਗੁਰੂ” ਸ਼ਬਦ ਨਹੀਂ ਬੋਲਿਆ। ਅਸਲ ਵਿੱਚ ਵੀਡੀਓ ਨਾਲ ਛੇੜ-ਛਾੜ ਕਰਕੇ ਤਕਨਾਲੋਜੀ ਨਾਲ ਤੋੜ-ਮਰੋੜ ਕੇ ਅਪਲੋਡ ਕੀਤਾ ਗਿਆ ਹੈ ਅਤੇ ਅਜਿਹੇ ਸ਼ਬਦ ਸ਼ਾਮਲ ਕੀਤੇ ਗਏ ਹਨ ਜੋ ਆਤਿਸ਼ੀ ਨੇ ਬੋਲੇ ਹੀ ਨਹੀਂ।
ਇਹ ਮਾਮਲਾ ਪੰਜਾਬ ਅਤੇ ਦਿੱਲੀ ਵਿੱਚ ਬਹੁਤ ਤੇਜ਼ੀ ਨਾਲ ਚਰਚਾ ਦਾ ਵਿਸ਼ਾ ਬਣ ਗਿਆ ਹੈ । ਪੁਲਿਸ ਜਾਂਚ ਜਾਰੀ ਰੱਖੇ ਹੋਏ ਹੈ ਅਤੇ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।

