FIR registered under BNS and Sri Guru Granth Sahib Ji Respect Act in Sakkanwali sacrilege case
ਸੱਕਾਂਵਾਲੀ ਬੇਅਦਬੀ ਮਾਮਲੇ ‘ਚ BNS ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਐਕਟ ਤਹਿਤ FIR ਦਰਜ
ਸ੍ਰੀ ਮੁਕਤਸਰ ਸਾਹਿਬ (ਆਵਾਜ਼ਿ ਕੌਮ ਬਿਊਰੋ)-ਥਾਣਾ ਬਰੀਵਾਲਾ ਅਧੀਨ ਆਉਂਦੇ ਪਿੰਡ ਸੱਕਾਂਵਾਲੀ ਦੇ ਏਰੀਏ ਵਿਚ ਵਾਪਰੀ ਇਕ ਘਟਨਾ ਦੇ ਸਬੰਧ ਵਿਚ ਬਰੀਵਾਲਾ ਪੁਲਸ ਨੇ ਇਕ ਅਣਪਛਾਤੇ ਵਿਅਕਤੀ ਵਿਰੁੱਧ ਭਾਰਤੀ ਨਿਆਂ ਸੰਹਿਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਐਕਟ ਦੀਆਂ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਸ਼ਿਕਾਇਤਕਰਤਾ ਸੁਖਵਿੰਦਰ ਸਿੰਘ ਪੁੱਤਰ ਮੰਗਲ ਸਿੰਘ, ਮੂਲ ਵਾਸੀ ਕੋਟਸੁਖੀਆ (ਜ਼ਿਲ੍ਹਾ ਫ਼ਰੀਦਕੋਟ) ਹਾਲ ਆਬਾਦ ਪਿੰਡ ਸੱਕਾਂਵਾਲੀ (ਜ਼ਿਲਾ ਸ੍ਰੀ ਮੁਕਤਸਰ ਸਾਹਿਬ) ਦੇ ਬਿਆਨਾਂ ‘ਤੇ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਅਨੁਸਾਰ ਘਟਨਾ ਪਿੰਡ ਸੱਕਾਂਵਾਲੀ ਦੇ ਬਾਹਰਲੇ ਏਰੀਏ ਵਿਚ ਸਥਿਤ ਸਰਕਾਰੀ ਸਕੂਲ ਦੇ ਨੇੜੇ ਵਾਪਰੀ ਹੈ। ਮਾਮਲੇ ਸਬੰਧੀ ਬਿਆਨ ਦਰਜ ਕਰਵਾਏ ਜਾਣ ਤੋਂ ਬਾਅਦ ਲਿਖਤੀ ਰਿਪੋਰਟ ਥਾਣੇ ਪਹੁੰਚਣ ‘ਤੇ ਪੁਲਸ ਨੇ ਤੁਰੰਤ ਜੁਰਮ ਦਾ ਨੋਟਿਸ ਲੈਂਦਿਆਂ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ। ਪੁਲਸ ਨੇ ਸੁਖਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਅਣਪਛਾਤੇ ਵਿਰੁੱਧ ਬੀ.ਐਨ.ਐਸ. ਦੀ ਧਾਰਾ 299 (ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ/ਬੇਅਦਬੀ ਸਬੰਧੀ) ਦਾ ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ 2008 (ਅਮੈਂਡਮੈਂਟ ਬਿਲ 2026) ਦੀ ਧਾਰਾ 5 ਤਹਿਤ ਮੁਕੱਦਮਾ ਦਰਜ ਕੀਤਾ ਹੈ। ਇਹ ਮਾਮਲਾ ਐੱਸ.ਆਈ. ਜਗਸੀਰ ਸਿੰਘ ਦੀ ਹਦਾਇਤ ਅਤੇ ਸੀ.ਟੀ. ਗੁਰਵਿੰਦਰ ਸਿੰਘ ਰਾਹੀਂ ਥਾਣੇ ਮੌਸੂਲ ਹੋਇਆ, ਜਿਸ ਤੋਂ ਬਾਅਦ ਰਜਿਸਟਰਡ ਕੀਤਾ ਗਿਆ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਅਣਪਛਾਤੇ ਮੁਲਜ਼ਮ ਦੀ ਪਛਾਣ ਕਰਕੇ ਉਸ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

