Fire breaks out in neonatal ward, panic erupts at Maharashtra hospital
ਨਵਜੰਮੇ ਬੱਚਿਆਂ ਦੇ ਵਾਰਡ ‘ਚ ਲੱਗ ਗਈ ਅੱਗ, ਮਹਾਰਾਸ਼ਟਰ ਦੇ ਹਸਪਤਾਲ ‘ਚ ਪਈਆਂ ਭਾਜੜਾਂ
ਛਤਰਪਤੀ ਸੰਭਾਜੀਨਗਰ (ਆਵਾਜ਼ਿ ਕੌਮ ਬਿਊਰੋ)- ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ ਵਿਚ ਇੱਕ ਨਿੱਜੀ ਹਸਪਤਾਲ ਦੇ ਨਿਓਨੇਟਲ ਇੰਟੈਂਸਿਵ ਕੇਅਰ ਯੂਨਿਟ (ਐਨਆਈਸੀਯੂ) ਵਿੱਚ ਸ਼ੁੱਕਰਵਾਰ ਸਵੇਰੇ ਅੱਗ ਲੱਗ ਜਾਣ ਦੀ ਸੂਚਨਾ ਮਿਲੀ। ਇਸ ਘਟਨਾ ਦੌਰਾਨ ਇਸ ਹਸਪਤਾਲ ਵਿਚ ਦਾਖਲ ਨੌਂ ਨਵਜੰਮੇ ਬੱਚਿਆਂ ਨੂੰ ਦੂਜੇ ਹਸਪਤਾਲਾਂ ਵਿੱਚ ਭੇਜਿਆ ਗਿਆ। ਇਸ ਘਟਨਾ ਦੀ ਜਾਣਕਾਰੀ ਹਸਪਤਾਲ ਪ੍ਰਸ਼ਾਸਨ ਵਲੋਂ ਦਿੱਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਸ਼ਹਿਰ ਦੇ ਜਾਲਨਾ ਰੋਡ ‘ਤੇ ਸਥਿਤ ਏਸ਼ੀਅਨ ਹਸਪਤਾਲ ਵਿੱਚ ਵਾਪਰੀ ਹੈ। ਹਸਪਤਾਲ ਦੇ ਡਾਇਰੈਕਟਰ ਡਾ. ਸ਼ੋਏਬ ਹਾਸ਼ਮੀ ਨੇ ਇਸ ਘਟਨਾ ਦੇ ਸਬੰਧ ਵਿਚ ਕਿਹਾ ਕਿ ਹਸਪਤਾਲ ਦੇ ਸਟਾਫ ਨੇ ਉਸ ਸਮੇਂ ਦੱਸਿਆ ਜਦੋਂ ਉਨ੍ਹਾਂ ਨੇ ਏਸੀ ਯੂਨਿਟ ਤੋਂ ਧੂੰਆਂ ਨਿਕਲਦਾ ਦੇਖਿਆ। ਇਸ ਦੌਰਾਨ ਐਨਆਈਸੀਯੂ ਵਿੱਚ ਨੌਂ ਬੱਚੇ ਦਾਖਲ ਸਨ, ਜਿਨ੍ਹਾਂ ਨੂੰ ਦੂਜੀ ਹਸਪਤਾਲ ਵਿਚ ਭੇਜਣ ਲਈ ਵਿਸ਼ੇਸ਼ ਡਾਕਟਰੀ ਦੇਖਭਾਲ ਦੀ ਲੋੜ ਸੀ। ਉਨ੍ਹਾਂ ਕਿਹਾ, “ਇਹ ਇੱਕ ਮਾਮੂਲੀ ਘਟਨਾ ਸੀ ਅਤੇ ਕੁਝ ਵੀ ਅਣਸੁਖਾਵਾਂ ਨਹੀਂ ਵਾਪਰਿਆ। ਸਾਵਧਾਨੀ ਵਜੋਂ, ਸਾਡੀ ਟੀਮ ਨੇ ਨੇੜਲੇ ਜਨਰਲ ਵਾਰਡ ਵਿੱਚ ਦਾਖਲ ਬੱਚਿਆਂ ਅਤੇ ਮਰੀਜ਼ਾਂ ਨੂੰ ਬਾਹਰ ਕੱਢਿਆ।” ਹਾਸ਼ਮੀ ਨੇ ਕਿਹਾ ਕਿ ਜਨਰਲ ਵਾਰਡ ਦੇ ਮਰੀਜ਼ਾਂ ਨੂੰ ਬਾਅਦ ਵਿੱਚ ਵਾਪਸ ਲਿਆਂਦਾ ਗਿਆ। ਪਰਿਵਾਰਾਂ ਦੀ ਸਹਿਮਤੀ ਨਾਲ ਨਵਜੰਮੇ ਬੱਚਿਆਂ ਨੂੰ ਦੂਜੇ ਹਸਪਤਾਲਾਂ ਵਿੱਚ ਭੇਜਿਆ ਗਿਆ। ਉਨ੍ਹਾਂ ਕਿਹਾ, “ਹਸਪਤਾਲ ਦੀ ਟੀਮ ਨੇ ਤੁਰੰਤ ਕਾਰਵਾਈ ਕਾਰਵਾਈ ਕਰਦੇ ਹੋਏ ਸਥਿਤੀ ਨੂੰ ਕਾਬੂ ਵਿੱਚ ਲਿਆਂਦਾ। ਸਾਰੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਇਸ ਘਟਨਾ ਵਿੱਚ ਕੋਈ ਵੀ ਜ਼ਖਮੀ ਨਹੀਂ ਹੋਇਆ। ਹਸਪਤਾਲ ਹੁਣ ਆਮ ਵਾਂਗ ਕੰਮ ਕਰ ਰਿਹਾ ਹੈ।” ਸੰਪਰਕ ਕਰਨ ‘ਤੇ ਜਵਾਹਰਨਗਰ ਪੁਲਸ ਸਟੇਸ਼ਨ ਦੇ ਇੰਚਾਰਜ ਨੇ ਕਿਹਾ, “ਸਾਨੂੰ ਅੱਗ ਲੱਗਣ ਦੀ ਘਟਨਾ ਬਾਰੇ ਜਾਣਕਾਰੀ ਮਿਲੀ ਸੀ। ਇਸ ਘਟਨਾ ਵਿੱਚ ਕਿਸੇ ਨੇ ਜ਼ਖਮੀ ਜਾਂ ਮਰਨ ਦੀ ਖ਼ਬਰ ਨਹੀਂ ਮਿਲੀ।” ਦੱਸ ਦੇਈਏ ਕਿ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

