Flood wreaks havoc in North Odisha, 370 villages submerged in water
ਉੱਤਰੀ ਓਡਿਸ਼ਾ ’ਚ ਹੜ੍ਹ ਦਾ ਕਹਿਰ, 370 ਪਿੰਡ ਪਾਣੀ ’ਚ ਡੁੱਬੇ
ਭੁਵਨੇਸ਼ਵਰ (ਆਵਾਜ਼ਿ ਕੌਮ ਬਿਊਰੋ)-ਉੱਤਰੀ ਓਡਿਸ਼ਾ ’ਚ ਹੜ੍ਹ ਦੀ ਸਥਿਤੀ ਗੰਭੀਰ ਬਣੀ ਹੋਈ ਹੈ। ਬਾਲਾਸੌਰ, ਜਾਜਪੁਰ ਅਤੇ ਮਯੂਰਭੰਜ ਜ਼ਿਲ੍ਹਿਆਂ ਦੇ ਕਈ ਇਲਾਕਿਆਂ ’ਚ ਨਦੀਆਂ ਚੜ੍ਹ ਜਾਣ ਕਾਰਨ ਲੱਗਭਗ 370 ਪਿੰਡ ਪਾਣੀ ’ਚ ਡੁੱਬ ਗਏ ਹਨ। ਹਾਲਾਂਕਿ, ਕਈ ਪ੍ਰਮੁੱਖ ਨਦੀਆਂ ’ਚ ਪਾਣੀ ਦਾ ਪੱਧਰ ਹੁਣ ਹੌਲੀ-ਹੌਲੀ ਘਟਣ ਲੱਗਾ ਹੈ, ਜਿਸ ਨਾਲ ਪ੍ਰਸ਼ਾਸਨ ਨੂੰ ਕੁਝ ਰਾਹਤ ਦੀ ਉਮੀਦ ਹੈ। ਬਾਲਾਸੌਰ ਜ਼ਿਲ੍ਹੇ ’ਚ ਸਵਰਨਰੇਖਾ ਨਦੀ ਦਾ ਪਾਣੀ ਭੋਗਰਾਈ, ਬਾਲੀਆਪਾਲ, ਬਸਤਾ, ਰੇਮੁਨਾ ਅਤੇ ਜਲੇਸ਼ਵਰ ਬਲਾਕਾਂ ਦੇ 214 ਪਿੰਡਾਂ ’ਚ ਵੜ ਗਿਆ ਹੈ। ਰਾਜਘਾਟ ’ਚ ਨਦੀ ਦੇ ਪਾਣੀ ਦਾ ਪੱਧਰ 10.84 ਮੀਟਰ ਦਰਜ ਕੀਤਾ ਗਿਆ, ਜੋ 10.36 ਮੀਟਰ ਦੇ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੈ। ਜ਼ਿਲ੍ਹੇ ’ਚ ਲੱਗਭਗ 35,740 ਲੋਕਾਂ ਨੂੰ ਕੱਢ ਕੇ 72 ਰਾਹਤ ਕੈਂਪਾਂ ’ਚ ਪਹੁੰਚਾਇਆ ਗਿਆ ਹੈ। ਜਾਜਪੁਰ ਦੇ ਦਸ਼ਰਥਪੁਰ ਬਲਾਕ ’ਚ 62 ਪਿੰਡ ਪ੍ਰਭਾਵਿਤ ਹਨ, ਜਦੋਂਕਿ 22 ਰਾਹਤ ਕੈਂਪਾਂ ’ਚ 7,745 ਲੋਕਾਂ ਨੂੰ ਠਹਿਰਾਇਆ ਗਿਆ ਹੈ। ਮਯੂਰਭੰਜ ’ਚ 97 ਪਿੰਡ ਅਤੇ ਬਾਰੀਪਦਾ ਨਗਰਪਾਲਿਕਾ ਦੇ 2 ਵਾਰਡ ਪ੍ਰਭਾਵਿਤ ਹੋਏ ਹਨ। ਇੱਥੇ 29 ਰਾਹਤ ਕੈਂਪਾਂ ’ਚ 10,501 ਲੋਕ ਰਹਿ ਰਹੇ ਹਨ। ਜ਼ਿਲ੍ਹੇ ’ਚ 104 ਘਰਾਂ ਦੇ ਨੁਕਸਾਨੇ ਜਾਣ ਦੀ ਸੂਚਨਾ ਹੈ। ਹੜ੍ਹ ਨਾਲ ਨਜਿੱਠਣ ਲਈ 47 ਬਚਾਅ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਇਨ੍ਹਾਂ ’ਚ ਓਡਿਸ਼ਾ ਆਫਤ ਰੈਪਿਡ ਐਕਸ਼ਨ ਫੋਰਸ ਦੇ 21, ਐੱਨ. ਡੀ. ਆਰ. ਐੱਫ. ਦੇ 4 ਅਤੇ ਫਾਇਰ ਬ੍ਰਿਗੇਡ ਤੇ ਐਮਰਜੈਂਸੀ ਸੇਵਾਵਾਂ ਦੀਆਂ 22 ਟੀਮਾਂ ਸ਼ਾਮਲ ਹਨ। ਮੌਸਮ ਵਿਭਾਗ ਨੇ ਕਈ ਜ਼ਿਲਿਆਂ ’ਚ ਗਰਜ-ਚਮਕ ਅਤੇ ਤੇਜ਼ ਹਵਾਵਾਂ ਦੀ ਚਿਤਾਵਨੀ ਦਿੱਤੀ ਹੈ।

