Former Shahi Imam of Jama Masjid Ahmed Bukhari surrenders in court
ਜਾਮਾ ਮਸਜਿਦ ਦੇ ਸਾਬਕਾ ਸ਼ਾਹੀ ਇਮਾਮ ਅਹਿਮਦ ਬੁਖਾਰੀ ਨੇ ਅਦਾਲਤ ‘ਚ ਕੀਤਾ ਆਤਮ-ਸਮਰਪਣ
ਮੁਜ਼ੱਫਰਨਗਰ (ਆਵਾਜ਼ਿ ਕੌਮ ਬਿਊਰੋ)- ਦਿੱਲੀ ਦੀ ਇਤਿਹਾਸਕ ਜਾਮਾ ਮਸਜਿਦ ਦੇ ਸਾਬਕਾ ਸ਼ਾਹੀ ਇਮਾਮ ਮੌਲਾਨਾ ਅਹਿਮਦ ਬੁਖਾਰੀ ਨੇ ਚੋਣ ਜ਼ਾਬਤੇ ਦੀ ਉਲੰਘਣਾ ਨਾਲ ਜੁੜੇ ਇੱਕ 19 ਸਾਲ ਪੁਰਾਣੇ ਮਾਮਲੇ ਵਿੱਚ ਮੁਜ਼ੱਫਰਨਗਰ ਦੀ ਇੱਕ ਅਦਾਲਤ ਵਿੱਚ ਆਤਮ-ਸਮਰਪਣ (ਸਰੈਂਡਰ) ਕਰ ਦਿੱਤਾ ਹੈ। ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਕਵਿਤਾ ਅਗਰਵਾਲ ਨੇ ਉਨ੍ਹਾਂ ਨੂੰ 20-20 ਹਜ਼ਾਰ ਰੁਪਏ ਦੇ ਦੋ ਮੁਚਲਕਿਆਂ ‘ਤੇ ਜ਼ਮਾਨਤ ਦੇ ਦਿੱਤੀ ਹੈ। ਇਹ ਮਾਮਲਾ ਸਾਲ 2007 ਦੀਆਂ ਵਿਧਾਨ ਸਭਾ ਚੋਣਾਂ ਨਾਲ ਜੁੜਿਆ ਹੋਇਆ ਹੈ। ਅਭਿਯੋਜਨ ਅਧਿਕਾਰੀ ਕੇ.ਸੀ. ਮੌਰਿਆ ਅਨੁਸਾਰ, 10 ਅਪ੍ਰੈਲ 2007 ਨੂੰ ਖਤੌਲੀ ਪੁਲਸ ਸਟੇਸ਼ਨ ਵਿੱਚ ਮੌਲਾਨਾ ਬੁਖਾਰੀ ਅਤੇ ਹੋਰਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਇਲਜ਼ਾਮ ਸੀ ਕਿ ਬੁਖਾਰੀ ਹੈਲੀਕਾਪਟਰ ਰਾਹੀਂ ਖਤੌਲੀ ਪਹੁੰਚੇ ਸਨ ਅਤੇ ਪ੍ਰਸ਼ਾਸਨ ਤੋਂ ਲੋੜੀਂਦੀ ਇਜਾਜ਼ਤ ਲਏ ਬਿਨਾਂ ਇੱਕ ਜਨਤਕ ਸਭਾ ਨੂੰ ਸੰਬੋਧਨ ਕੀਤਾ ਸੀ। ਇਹ ਕਾਰਵਾਈ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਮੰਨੀ ਗਈ ਸੀ ਅਤੇ ਉਨ੍ਹਾਂ ਖਿਲਾਫ ਤਤਕਾਲੀ ਭਾਰਤੀ ਦੰਡਾਵਲੀ (IPC) ਦੀਆਂ ਧਾਰਾਵਾਂ 171 ਅਤੇ 188 ਤਹਿਤ ਕੇਸ ਦਰਜ ਕੀਤਾ ਗਿਆ ਸੀ। ਜਾਣਕਾਰੀ ਅਨੁਸਾਰ, ਅਦਾਲਤ ਵੱਲੋਂ ਵਾਰ-ਵਾਰ ਸੰਮਨ ਅਤੇ ਜ਼ਮਾਨਤੀ ਵਾਰੰਟ ਜਾਰੀ ਕੀਤੇ ਜਾਣ ਦੇ ਬਾਵਜੂਦ ਅਹਿਮਦ ਬੁਖਾਰੀ ਅਦਾਲਤ ਵਿੱਚ ਪੇਸ਼ ਨਹੀਂ ਹੋ ਰਹੇ ਸਨ। ਇਸ ਲਗਾਤਾਰ ਗੈਰ-ਹਾਜ਼ਰੀ ਨੂੰ ਦੇਖਦਿਆਂ ਅਦਾਲਤ ਨੇ ਉਨ੍ਹਾਂ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਪੇਸ਼ ਹੋ ਕੇ ਸਰੈਂਡਰ ਕਰਨ ਦਾ ਫੈਸਲਾ ਲਿਆ। ਸੈਯਦ ਅਹਿਮਦ ਬੁਖਾਰੀ 12ਵੇਂ ਸ਼ਾਹੀ ਇਮਾਮ ਸੈਯਦ ਅਬਦੁੱਲਾ ਬੁਖਾਰੀ ਦੇ ਪੁੱਤਰ ਹਨ ਅਤੇ ਉਹ ਅਕਤੂਬਰ 2000 ਵਿੱਚ ਜਾਮਾ ਮਸਜਿਦ ਦੇ 13ਵੇਂ ਸ਼ਾਹੀ ਇਮਾਮ ਬਣੇ ਸਨ। ਜ਼ਿਕਰਯੋਗ ਹੈ ਕਿ ਸਾਲ 2024 ਵਿੱਚ ਉਨ੍ਹਾਂ ਦੇ ਪੁੱਤਰ ਸੈਯਦ ਸ਼ਾਬਾਨ ਬੁਖਾਰੀ ਨੂੰ ਦਿੱਲੀ ਦੀ ਜਾਮਾ ਮਸਜਿਦ ਦਾ 14ਵਾਂ ਇਮਾਮ ਨਿਯੁਕਤ ਕੀਤਾ ਗਿਆ ਸੀ।

