ਮੁਫ਼ਤ ਸਹੂਲਤਾਂ ਦੀ ਰਾਜਨੀਤੀ ਦੇਸ਼ ਦੇ ਵਿਕਾਸ ਲਈ ਖਤਰਾ – ਗਿਆਨੀ ਹਰਪ੍ਰੀਤ ਸਿੰਘ

23 ਫ਼ਰਵਰੀ 2026, ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਚੋਣਾਂ ਤੋਂ ਪਹਿਲਾਂ ਵੱਖ-ਵੱਖ ਸਰਕਾਰਾਂ ਵੱਲੋਂ ਮੁਫ਼ਤ ਸਹੂਲਤਾਂ ਦੇ ਐਲਾਨਾਂ ‘ਤੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਰੁਝਾਨ ਦੇਸ਼ ਦੀ ਆਰਥਿਕਤਾ ਅਤੇ ਵਿਕਾਸ ਲਈ ਠੀਕ ਨਹੀਂ ਅਤੇ ਹਾਲ ਹੀ ਵਿੱਚ ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਵੀ ਇਸ ਮਸਲੇ ‘ਤੇ ਗੰਭੀਰ ਟਿੱਪਣੀ ਕੀਤੀ ਗਈ ਹੈ ਕਿ ਚੋਣਾਂ ਤੋਂ ਪਹਿਲਾਂ ਮੁਫ਼ਤ ਸਹੂਲਤਾਂ ਵੰਡਣ ਦੀ ਪ੍ਰਥਾ ਦੇਸ਼ ਦੇ ਵਿਕਾਸ ਵਿੱਚ ਰੁਕਾਵਟ ਬਣ ਸਕਦੀ ਹੈ ਅਤੇ ਸਰਕਾਰਾਂ ਨੂੰ ਲੋਕਾਂ ਨੂੰ ਰੋਜ਼ਗਾਰ ਦੇਣ ‘ਤੇ ਧਿਆਨ ਦੇਣਾ ਚਾਹੀਦਾ ਹੈ।
ਪ੍ਰੈੱਸ ਨੂੰ ਜਾਰੀ ਬਿਆਨ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਗੱਲ ਖੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਪਹਿਲਾਂ ਕਹਿ ਚੁੱਕੇ ਹਨ ਕਿ “ਮੁਫ਼ਤ ਰਾਸ਼ਨ ਨਹੀਂ, ਰੋਜ਼ਗਾਰ ਦਿਓ – ਰਾਸ਼ਨ ਅਸੀਂ ਖੁਦ ਖਰੀਦ ਲਵਾਂਗੇ।” ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵੱਖ-ਵੱਖ ਮੁਫ਼ਤ ਸਕੀਮਾਂ ਦਾ ਐਲਾਨ ਕੀਤਾ ਜਾ ਰਿਹਾ ਹੈ ਜੋ ਉਨ੍ਹਾਂ ਦੇ ਪੁਰਾਣੇ ਬਿਆਨਾਂ ਦੇ ਉਲਟ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪਹਿਲਾਂ ਹੀ ਭਾਰੀ ਕਰਜ਼ੇ ਹੇਠ ਦਬਿਆ ਹੋਇਆ ਹੈ ਅਤੇ ਇਸ ਤਰ੍ਹਾਂ ਦੀਆਂ ਮੁਫ਼ਤ ਸਕੀਮਾਂ ਨਾਲ ਸੂਬੇ ਦੀ ਆਰਥਿਕਤਾ ਹੋਰ ਕਮਜ਼ੋਰ ਹੋ ਸਕਦੀ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਮੁਫ਼ਤ ਸਹੂਲਤਾਂ ਦੀ ਬਜਾਏ ਸਥਾਈ ਰੋਜ਼ਗਾਰ ਅਤੇ ਉਦਯੋਗਿਕ ਵਿਕਾਸ ਦੀ ਲੋੜ ਹੈ ਜਿਸ ਨਾਲ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਹੋ ਸਕੇ। ਉਨ੍ਹਾਂ ਨੇ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੁਪਰੀਮ ਕੋਰਟ ਦੀ ਟਿੱਪਣੀ ‘ਤੇ ਆਪਣਾ ਸਪੱਸ਼ਟ ਪੱਖ ਰੱਖਣ ਦੀ ਮੰਗ ਕੀਤੀ ਅਤੇ ਦੱਸਣ ਲਈ ਕਿਹਾ ਕਿ ਉਹ ਪੰਜਾਬ ਦੇ ਵਿਕਾਸ ਲਈ ਰੋਜ਼ਗਾਰ ਅਧਾਰਿਤ ਨੀਤੀ ਲਿਆਉਣਗੇ ਜਾਂ ਮੁਫ਼ਤ ਸਹੂਲਤਾਂ ਦੀ ਰਾਜਨੀਤੀ ਜਾਰੀ ਰੱਖਣਗੇ।
ਗਿਆਨੀ ਜੀ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਸਿਆਸੀ ਵਾਅਦਿਆਂ ਅਤੇ ਮੁਫ਼ਤ ਸਕੀਮਾਂ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਰੋਜ਼ਗਾਰ, ਸਿੱਖਿਆ, ਉਦਯੋਗ ਅਤੇ ਕਿਸਾਨੀ ਦੀ ਮਜ਼ਬੂਤੀ ਵਰਗੇ ਮੁੱਦਿਆਂ ਦਾ ਹੱਲ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਚੋਣੀ ਲਾਭ ਲਈ ਐਲਾਨ ਕਰਨ ਦੀ ਬਜਾਏ ਲੰਬੇ ਸਮੇਂ ਦੀ ਵਿਕਾਸ ਯੋਜਨਾ ਤਿਆਰ ਕਰੇ। ਜੇਕਰ ਸਰਕਾਰ ਨੇ ਆਪਣੀ ਨੀਤੀ ਸਪੱਸ਼ਟ ਨਾ ਕੀਤੀ ਤਾਂ ਲੋਕਾਂ ਵਿੱਚ ਇਹ ਸੰਦੇਸ਼ ਜਾਵੇਗਾ ਕਿ ਸਰਕਾਰ ਸਿਰਫ਼ ਚੋਣੀ ਲਾਭ ਲਈ ਫੈਸਲੇ ਕਰ ਰਹੀ ਹੈ ਜੋ ਲੋਕਤੰਤਰ ਲਈ ਠੀਕ ਨਹੀਂ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਹਮੇਸ਼ਾ ਲੋਕ-ਹਿਤ ਅਤੇ ਪੰਜਾਬ ਦੇ ਟਿਕਾਊ ਵਿਕਾਸ ਲਈ ਵਚਨਬੱਧ ਰਹੇਗੀ ਅਤੇ ਸਰਕਾਰ ਦੀਆਂ ਲੋਕ-ਵਿਰੋਧੀ ਨੀਤੀਆਂ ਦਾ ਵਿਰੋਧ ਜਾਰੀ ਰੱਖੇਗੀ।

