From Reels to Politics: Instagram has become the new weapon of Gen-Z, the government has also become active
Reels ਤੋਂ ਰਾਜਨੀਤੀ ਤੱਕ: Instagram ਬਣਿਆ Gen-Z ਦਾ ਨਵਾਂ ਹਥਿਆਰ, ਸਰਕਾਰ ਵੀ ਹੋਈ ਐਕਟਿਵ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਕਦੇ ਮਨੋਰੰਜਨ ਅਤੇ ਫੈਸ਼ਨ ਤੱਕ ਸੀਮਤ ਮੰਨਿਆ ਜਾਣ ਵਾਲਾ ਇੰਸਟਾਗ੍ਰਾਮ ਹੁਣ ਦੇਸ਼ ’ਚ ਸਿਆਸੀ ਸੰਵਾਦ ਅਤੇ ਜਨਤਕ ਰਾਇ ਤਿਆਰ ਕਰਨ ਦਾ ਵੱਡਾ ਮੰਚ ਬਣ ਕੇ ਉੱਭਰਿਆ ਹੈ। ਹਾਲ ਹੀ ਦੇ ਨੀਟ ਪ੍ਰੀਖਿਆ ਵਿਵਾਦ ਅਤੇ ਵਿਦਿਆਰਥੀ ਅੰਦੋਲਨਾਂ ਨੇ ਦਿਖਾ ਦਿੱਤਾ ਹੈ ਕਿ ਜੈਨ-ਜ਼ੈਡ ਸਿਰਫ਼ ਰੀਲਾਂ ਦੇਖਣ ਤੱਕ ਸੀਮਤ ਨਹੀਂ ਹੈ, ਸਗੋਂ ਉਹ ਸੋਸ਼ਲ ਮੀਡੀਆ ਰਾਹੀਂ ਆਪਣੀ ਆਵਾਜ਼ ਵੀ ਬੁਲੰਦ ਕਰ ਰਹੀ ਹੈ। Instagram ’ਤੇ ਚੱਲ ਰਹੀਆਂ ਮੁਹਿੰਮਾਂ ਹੁਣ ਸਿਆਸੀ ਬਹਿਸ ਨੂੰ ਨਵੀਂ ਦਿਸ਼ਾ ਦੇ ਰਹੀਆਂ ਹਨ। ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ’ਚ ਹੋਈ ਕੈਬਨਿਟ ਮੀਟਿੰਗ ਵਿਚ ਮੰਤਰੀਆਂ ਨੂੰ ਕਿਹਾ ਕਿ ਉਹ Instagram ’ਤੇ ਨੌਜਵਾਨਾਂ ਨਾਲ ਸਰਗਰਮ ਸੰਵਾਦ ਵਧਾਉਣ ਅਤੇ ਸਰਕਾਰ ਦੇ ਕੰਮਕਾਜ ਨੂੰ ਇਸ ਮੰਚ ਰਾਹੀਂ ਵੱਧ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਪ੍ਰੀਖਿਆ ਸੁਧਾਰਾਂ ਅਤੇ ਪੇਪਰ ਲੀਕ ’ਤੇ ਇਕ ਵੀਡੀਓ ਸਾਂਝੀ ਕੀਤੀ, ਜਿਸ ਨੂੰ 24 ਘੰਟਿਆਂ ਦੇ ਅੰਦਰ 30 ਕਰੋੜ ਤੋਂ ਵੱਧ ਵਾਰ ਦੇਖਿਆ ਗਿਆ। ਇਸ ਦੌਰਾਨ ਉਨ੍ਹਾਂ ਦੇ Instagram ਅਕਾਊਂਟ ’ਤੇ ਲੱਖਾਂ ਨਵੇਂ ਫਾਲੋਅਰਜ਼ ਵੀ ਜੁੜੇ, ਜਿਸ ਨਾਲ ਇਹ ਸਪੱਸ਼ਟ ਹੋ ਗਿਆ ਕਿ ਡਿਜੀਟਲ ਮਾਧਿਅਮ ਹੁਣ ਸਿਆਸੀ ਸੰਦੇਸ਼ ਪਹੁੰਚਾਉਣ ਦਾ ਸਭ ਤੋਂ ਪ੍ਰਭਾਵਸ਼ਾਲੀ ਜ਼ਰੀਆ ਬਣਦਾ ਜਾ ਰਿਹਾ ਹੈ। ਸਿਰਫ਼ ਸਰਕਾਰ ਹੀ ਨਹੀਂ, ਵਿਦਿਆਰਥੀ ਸੰਗਠਨਾਂ ਨੇ ਵੀ Instagram ਦੀ ਤਾਕਤ ਦਾ ਭਰਪੂਰ ਇਸਤੇਮਾਲ ਕੀਤਾ। ਨੀਟ ਵਿਰੋਧ ਪ੍ਰਦਰਸ਼ਨ ਨਾਲ ਜੁੜੀਆਂ ਵੀਡੀਓਜ਼, ਪੋਸਟਰ, ਰੀਲਾਂ ਅਤੇ ਮੀਮਜ਼ ਲੱਖਾਂ ਨੌਜਵਾਨਾਂ ਤੱਕ ਪਹੁੰਚੇ। ਕਈ ਵਿਦਿਆਰਥੀ ਸੰਗਠਨਾਂ ਦੇ Instagram ਹੈਂਡਲਾਂ ’ਤੇ ਫਾਲੋਅਰਜ਼ ਦੀ ਗਿਣਤੀ ਤੇਜ਼ੀ ਨਾਲ ਵਧੀ ਅਤੇ ਵਿਰੋਧ ਪ੍ਰਦਰਸ਼ਨ ਰਾਸ਼ਟਰੀ ਪੱਧਰ ’ਤੇ ਚਰਚਾ ਦਾ ਵਿਸ਼ਾ ਬਣ ਗਿਆ। ਸੋਸ਼ਲ ਮੀਡੀਆ ਨੇ ਸਥਾਨਕ ਅੰਦੋਲਨ ਨੂੰ ਰਾਸ਼ਟਰੀ ਬਹਿਸ ਵਿਚ ਬਦਲਣ ਦਾ ਕੰਮ ਕੀਤਾ। ਮਾਹਰਾਂ ਦਾ ਮੰਨਣਾ ਹੈ ਕਿ ਜੈਨ-ਜ਼ੈਡ ਲੰਬੇ ਭਾਸ਼ਣਾਂ ਅਤੇ ਰਵਾਇਤੀ ਸਿਆਸੀ ਸਭਾਵਾਂ ਦੀ ਬਜਾਏ ਛੋਟੀਆਂ ਵੀਡੀਓਜ਼, ਰੀਲਾਂ, ਇਨਫੋਗ੍ਰਾਫਿਕਸ ਅਤੇ ਵਿਜ਼ੂਅਲ ਕੰਟੈਂਟ ਨੂੰ ਜ਼ਿਆਦਾ ਪਸੰਦ ਕਰਦੀ ਹੈ। ਇਹੋ ਵਜ੍ਹਾ ਹੈ ਕਿ ਸਿਆਸੀ ਪਾਰਟੀਆਂ, ਸਰਕਾਰ ਅਤੇ ਸਮਾਜਿਕ ਸੰਗਠਨ ਹੁਣ ਆਪਣੇ ਸੰਦੇਸ਼ ਨੂੰ ਛੋਟੇ ਅਤੇ ਪ੍ਰਭਾਵਸ਼ਾਲੀ ਵੀਡੀਓਜ਼ ਦੇ ਮਾਧਿਅਮ ਨਾਲ ਪੇਸ਼ ਕਰ ਰਹੇ ਹਨ। ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਵਾਲੀ ਸਮੱਗਰੀ ਹੁਣ ਜਨਤਕ ਰਾਇ ਬਣਾਉਣ ਵਿਚ ਵੱਡੀ ਭੂਮਿਕਾ ਨਿਭਾਅ ਰਹੀ ਹੈ। ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਆਉਣ ਵਾਲੀਆਂ ਚੋਣਾਂ ਵਿਚ Instagram, ਯੂ-ਟਿਊਬ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਚੋਣ ਰਣਨੀਤੀ ਦਾ ਅਹਿਮ ਹਿੱਸਾ ਹੋਣਗੇ। ਨੌਜਵਾਨਾਂ ਤੱਕ ਸਿੱਧੀ ਪਹੁੰਚ ਬਣਾਉਣ, ਆਪਣੀ ਗੱਲ ਰੱਖਣ ਅਤੇ ਵਿਰੋਧੀ ਨੈਰੇਟਿਵ ਦਾ ਜਵਾਬ ਦੇਣ ਲਈ ਡਿਜੀਟਲ ਪਲੇਟਫਾਰਮ ਸਭ ਤੋਂ ਪ੍ਰਭਾਵਸ਼ਾਲੀ ਮਾਧਿਅਮ ਬਣਦੇ ਜਾ ਰਹੇ ਹਨ। ਬਦਲਦੇ ਦੌਰ ਵਿਚ ਇਹ ਸਾਫ਼ ਸੰਕੇਤ ਹੈ ਕਿ ਸਿਆਸਤ ਦਾ ਨਵਾਂ ਪਲੇਟਫਾਰਮ ਹੁਣ ਸੋਸ਼ਲ ਮੀਡੀਆ ’ਤੇ ਸਜ ਰਿਹਾ ਹੈ।

