Giani Harpreet Singh makes major revelations regarding the woman who arrived from Bahrain
ਬਹਿਰੀਨ ਤੋਂ ਆਈ ਬੀਬੀ ਦੇ ਮਾਮਲੇ ‘ਚ ਗਿਆਨੀ ਹਰਪ੍ਰੀਤ ਸਿੰਘ ਦੇ ਵੱਡੇ ਖ਼ੁਲਾਸੇ
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਤੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਮਹਿਲਾ ਵੱਲੋਂ ਐੱਸ. ਜੀ. ਪੀ. ਸੀ. ਮੈਂਬਰ ਅਮਰਜੀਤ ਸਿੰਘ ਚਾਵਲਾ ‘ਤੇ ਲਾਏ ਗਏ ਗੰਭੀਰ ਦੋਸ਼ਾਂ ਦੇ ਮਾਮਲੇ ਵਿਚ ਸਨਸਨੀਖੇਜ਼ ਖ਼ੁਲਾਸੇ ਕੀਤੇ। ਉਨ੍ਹਾਂ ਆਖ਼ਿਆ ਕਿ ਉਨ੍ਹਾਂ ਨੂੰ ਪਤਾ ਲੱਗਿਆ ਹੈ ਕਿ 2 ਦਸੰਬਰ ਦੇ ਹੁਕਮਨਾਮੇ ਦਾ ਬਦਲਾ ਲੈਣ ਲਈ ਉਕਤ ਮਹਿਲਾ ਨੂੰ ਵਿਦੇਸ਼ ਤੋਂ ਲਿਆਂਦਾ ਗਿਆ ਸੀ। ਉਨ੍ਹਾਂ ਨੇ ਇਸ ਮਾਮਲੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੋਂ ਵੀ ਸਪਸ਼ਟੀਕਰਨ ਮੰਗਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾਉਣ ਦੀ ਅਪੀਲ ਵੀ ਕੀਤੀ। ਪਾਰਟੀ ਆਗੂਆਂ ਦੇ ਨਾਲ ਮੀਟਿੰਗ ਮਗਰੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਸੰਬੋਧਨ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਘਟਨਾਕ੍ਰਮ ਵਿਚ ਮੁੱਖ ਸਵਾਲ ਅਮਰਜੀਤ ਸਿੰਘ ਚਾਵਲਾ ‘ਤੇ ਨਹੀਂ, ਸਗੋਂ ਸਾਡੀਆਂ ਸੰਸਥਾਵਾਂ ਤੇ ਉਨ੍ਹਾਂ ਦੇ ਮੁਖੀਆਂ ‘ਤੇ ਹੈ ਅਤੇ ਉਨ੍ਹਾਂ ਦੀ ਜਵਾਬਦੇਹੀ ਤੈਅ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਕ ਬੀਬੀ ਵਿਦੇਸ਼ ਤੋਂ ਆਉਂਦੀ ਹੈ ਜਾਂ ਲਿਆਉਂਦੀ ਜਾਂਦੀ ਹੈ, ਉਸ ਨੂੰ 7-8 ਮਹੀਨੇ ਐੱਸ.ਜੀ.ਪੀ.ਸੀ. ਦੇ ਪ੍ਰਬੰਧ ਅਧੀਨ ਪਾਵਨ ਤਖ਼ਤ ਦੀਆਂ ਸਰਾਵਾਂ ਦੇ ਕਮਰੇ ਵਿਚ ਵੀ.ਆਈ.ਪੀ. ਰਿਹਾਇਸ਼, ਗੱਡੀਆਂ, ਡਰਾਈਵਰ, ਸੇਵਾਦਾਰ ਦਿੱਤੇ ਜਾਂਦੇ ਹਨ। ਐੱਸ. ਜੀ. ਪੀ. ਸੀ. ਪ੍ਰਧਾਨ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਹੈ ਕਿ ਕੀ ਉਹ ਕੌਮ ਦੀ ਪ੍ਰਚਾਰਕ ਸੀ? ਕੋਈ ਰਿਸਰਚ ਕਰਨ ਆਈ ਸੀ? ਜਾਂ ਕੇਸਗੜ੍ਹ ਸਾਹਿਬ ਦੇ ਇਤਿਹਾਸ ‘ਤੇ ਕੋਈ ਖੋਜ ਕਰ ਰਹੀ ਸੀ? ਜਿਸ ਕਾਰਨ ਇਹ ਸਹੂਲਤਾਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਸਾਡੀ ਜਾਣਕਾਰੀ ਮੁਤਾਬਕ ਅਜਿਹਾ ਕੁਝ ਨਹੀਂ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਵੀ ਜਾਣਕਾਰੀ ਮਿਲੀ ਹੈ ਕਿ ਉਸ ਬੀਬੀ ਨੂੰ ਐੱਸ.ਜੀ.ਪੀ.ਸੀ. ਵੱਲੋਂ 1 ਲੱਖ ਰੁਪਈਆ ਸਹਾਇਤਾ ਵੀ ਦਿੱਤੀ ਗਈ। ਉਹ ਐੱਸ.ਜੀ.ਪੀ.ਸੀ. ਅੰਮ੍ਰਿਤਸਰ ਦੇ ਦਫਤਰ ਵਿਚ ਬਹੁਤ ਅਸਰ ਰਸੂਖ ਤੇ ਦਬਦਬਾ ਰਖਦੀ ਸੀ। ਉਸ ਪਿੱਛੇ ਅਜਿਹੀ ਕਿਹੜੀ ਤਾਕਤ ਸੀ, ਜਿਸ ਕਾਰਨ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਉਸ ਤੋਂ ਇੰਨਾ ਡਰਦੇ ਸਨ। ਉਹ ਇੱਥੇ ਕਿਸ ਮਕਸਦ ਲਈ ਆਈ ਸੀ? ਇੰਨ੍ਹਾਂ ਸਾਰੀਆਂ ਗੱਲਾਂ ਦੇ ਜਵਾਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਦੇਣੇ ਚਾਹੀਦੇ ਹਨ ਤੇ ਜੇ ਉਹ ਨਹੀਂ ਦੱਸ ਸਕਦੇ ਤਾਂ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਇਹ ਵੀ ਕਿਹਾ ਕਿ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੇ ਨਾਲ-ਨਾਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵੀ ਹਨ। ਕੀ ਉਨ੍ਹਾਂ ਨੂੰ ਪਤਾ ਨਹੀਂ ਲੱਗਿਆ ਕਿ ਇਕ ਬੀਬੀ ਮੁਫ਼ਤ ਵਿਚ ਇੰਨੀਆਂ ਸਹੂਲਤਾਂ ਹੇਠ ਰਹਿ ਰਹੀ ਹੈ ਕਿਉਂ ਰਹਿ ਰਹੀ ਹੈ? ਜਥੇਦਾਰ ਸਾਹਿਬ ਨੇ ਮੈਨੇਜਰ ਨੂੰ ਬੁਲਾ ਕੇ ਉਸ ਮਹਿਲਾ ਬਾਰੇ ਕਿਉਂ ਨਹੀਂ ਪੁੱਛਿਆ?
ਸਾਬਕਾ ਜਥੇਦਾਰ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਿਆ ਹੈ ਕਿ ਇਸ ਬੀਬੀ ਨੂੰ 2 ਦਸੰਬਰ ਦੇ ਹੁਕਮਨਾਮੇ ਦਾ ਬਦਲਾ ਲੈਣ ਵਾਸਤੇ ਉਨ੍ਹਾਂ ਦੀ ਕਿਰਦਾਰਕੁਸ਼ੀ ਕਰਨ ਲਈ ਲਿਆਂਦਾ ਗਿਆ ਸੀ। ਉਨ੍ਹਾਂ ਕਿਹਾ ਕਿ ਫ਼ਿਲਹਾਲ ਉਨ੍ਹਾਂ ਨੂੰ ਇਨ੍ਹਾਂ ਗੱਲਾਂ ਦੀ ਪੂਰੀ ਸੱਚਾਈ ਬਾਰੇ ਨਹੀਂ ਪਤਾ, ਪਰ ਜੇਕਰ ਇਹ ਗੱਲਾਂ ਸੱਚੀਆਂ ਹਨ, ਤਾਂ ਕੀ ਐੱਸ.ਜੀ.ਪੀ.ਸੀ. ਦੇ ਉੱਚ ਅਹੁਦੇਦਾਰ, ਅਕਾਲੀ ਦਲ ਨਾਲ ਜੁੜੇ ਕੁਝ ਆਗੂ ਜਾਂ ਖ਼ੁਦ ਨੂੰ ਅਕਾਲੀ ਦਲ ਦਾ ਪ੍ਰਧਾਨ ਕਹਿਣ ਵਾਲੇ ਵਿਅਕਤੀ ਲਈ ਇਹ ਗੱਲਾਂ ਸ਼ੋਭਨੀਕ ਹਨ? ਕਿਸੇ ਗੁਰਸਿੱਖ ਉੱਪਰ ਇਲਜ਼ਾਮ ਲਗਾਉਣ ਲਈ ਬੀਬੀ ਨੂੰ ਲਿਆਉਣਾ ਅਕਾਲੀ ਦਲ ਦੇ ਕਥਿਤ ਪ੍ਰਧਾਨ ਨੂੰ ਸੋਭਦਾ ਹੈ? ਉਨ੍ਹਾਂ ਦੋਸ਼ ਲਗਾਇਆ ਕਿ ਗੁਰੂ ਦੀ ਗੋਲਕ ਦਾ ਪੈਸਾ ਇਨ੍ਹਾਂ ਕੰਮਾਂ ਲਈ ਵਰਤਿਆ ਜਾ ਰਿਹਾ ਹੈ। ਉਨ੍ਹਾਂ ਆਖ਼ਿਾ ਕਿ ਅਕਾਲੀ ਦਲ ਦੇ ਕਥਿਤ ਪ੍ਰਧਾਨ ਦੀਆਂ ਨਾਲਾਇਕੀਆਂ ਕਾਰਨ ਸੰਸਥਾਨ ਦੇ ਵਕਾਰ ਨੂੰ ਢਾਹ ਲੱਗੀ ਹੈ। ਉਨ੍ਹਾਂ ਕਿਹਾ ਕਿ 2 ਦਸੰਬਰ ਨੂੰ ਉਨ੍ਹਾਂ ਨੇ ਸਿਰਫ਼ ਆਪਣੀ ਡਿਊਟੀ ਨਿਭਾਈ ਸੀ, ਉਨ੍ਹਾਂ ਦੀ ਅਕਾਲੀ ਦਲ ਦੇ ਕਥਿਤ ਪ੍ਰਧਾਨ ਨਾਲ ਕੋਈ ਨਿੱਜੀ ਲੜਾਈ ਨਹੀਂ ਸੀ। ਤਖ਼ਤ ਵੀ ਗੁਰੂ ਦਾ ਸੀ ਤੇ ਫ਼ੈਸਲਾ ਵੀ ਗੁਰੂ ਦਾ ਸੀ। ਇਸੇ ਲਈ ਅਕਾਲ ਪੁਰਖ਼ ਨੇ ਇਸ ਸਾਜ਼ਿਸ਼ ਨੂੰ ਬੇਨਕਾਬ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਮੇਰੇ ‘ਤੇ ਹਮਲਾ ਨਹੀਂ, ਇਹ 2 ਦਸੰਬਰ ਨੂੰ ਪੰਜ ਪਿਆਰਿਆਂ ਵਿਚ ਖੜ੍ਹੇ ਇਕ ਜਥੇਦਾਰ ‘ਤੇ ਹਮਲਾ ਕਰਨ ਦਾ ਯਤਨ ਸੀ।
ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਐੱਸ.ਆਈ.ਟੀ. ਬਣਾ ਕੇ ਇਸ ਮਾਮਲੇ ਦੀ ਪੂਰੀ ਡੂੰਘਾਈ ਨਾਲ ਪੜਤਾਲ ਕਰਵਾਈ ਜਾਵੇ। ਇਹ ਵੀ ਪਤਾ ਲਗਾਇਆ ਜਾਵੇ ਕਿ ਹੋਰ ਕਿਹੜੇ ਕਿਹੜੇ ਲੋਕ ਇਸ ਸਾਜ਼ਿਸ਼ ਵਿਚ ਸ਼ਾਮਲ ਹਨ।

