Giani Kuldeep Singh Gargaj visited the Mata Gujri Ji Punjabi School in Norway and made a special appeal
ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕੀਤਾ ਨਾਰਵੇ ਦੇ ਮਾਤਾ ਗੁਜਰੀ ਜੀ ਪੰਜਾਬੀ ਸਕੂਲ ਦਾ ਦੌਰਾ, ਕੀਤੀ ਖ਼ਾਸ ਅਪੀਲ
ਦ੍ਰਾਮਨ/ਨਾਰਵੇ (ਆਵਾਜ਼ਿ ਕੌਮ ਬਿਊਰੋ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਰਵੇ ਦੇ ਦ੍ਰਾਮਨ ਸ਼ਹਿਰ ਦੇ ਇਲਾਕੇ ‘ਚ ਸਥਾਨਕ ਸਿੱਖਾਂ ਦੇ ਉੱਦਮ ਤਹਿਤ ਚਲਾਏ ਜਾ ਰਹੇ ਮਾਤਾ ਗੁਜਰੀ ਜੀ ਪੰਜਾਬੀ ਸਕੂਲ ਦੀ ਕਾਰਗੁਜ਼ਾਰੀ ਦੇਖਣ ਲਈ ਪੁੱਜੇ ਅਤੇ ਇਸ ਉਪਰੰਤ ਉਹ ਨੇੜੇ ਹੀ ਸਥਿਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਨਿਵਾਸ, ਲੀਅਰ, ਦ੍ਰਾਮਨ ਵਿਖੇ ਨਤਮਸਤਕ ਹੋਏ। ਨਾਰਵੇ ਸਰਕਾਰ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਮਾਤਾ ਗੁਜਰੀ ਜੀ ਪੰਜਾਬੀ ਸਕੂਲ ਵਿਖੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਚੱਲ ਰਹੀਆਂ ਵੱਖ-ਵੱਖ ਜਮਾਤਾਂ (ਪਹਿਲੀ ਤੋਂ ਚੌਥੀ) ‘ਚ ਜਾ ਕੇ ਮਾਂ ਬੋਲੀ ਪੰਜਾਬੀ ਦੀ ਸਿੱਖਿਆ ਲੈ ਰਹੇ ਸਿੱਖ ਬੱਚਿਆਂ ਨਾਲ ਵਾਰਤਾਲਾਪ ਕੀਤਾ ਅਤੇ ਉਨ੍ਹਾਂ ਪਾਸੋਂ ਪੰਜਾਬੀ ਤੇ ਸਿੱਖ ਇਤਿਹਾਸ ਸਬੰਧੀ ਸਵਾਲ ਪੁੱਛੇ, ਜਿਨ੍ਹਾਂ ਦੇ ਬੱਚਿਆਂ ਨੇ ਚੰਗੇ ਜਵਾਬ ਦਿੱਤੇ। ਇਸ ਦੌਰਾਨ ਉਨ੍ਹਾਂ ਪੰਜਾਬੀ ਸਿਖਾਉਣ ਵਾਲੇ ਅਧਿਆਪਕਾਂ ਨਾਲ ਵੀ ਗੱਲਬਾਤ ਕੀਤੀ ਅਤੇ ਬੱਚਿਆਂ ਨੂੰ ਪੰਜਾਬੀ ਦੇ ਨਾਲ-ਨਾਲ ਸਿੱਖ ਇਤਿਹਾਸ ਦੀ ਮੁੱਢਲੀ ਜਾਣਕਾਰੀ ਦੇਣ ਲਈ ਵੀ ਆਖਿਆ। ਉਨ੍ਹਾਂ ਇਸ ਉਪਰਾਲੇ ਦੀ ਕਾਰਗੁਜ਼ਾਰੀ ਉੱਤੇ ਤਸੱਲੀ ਪ੍ਰਗਟ ਕਰਦਿਆਂ ਇਸ ਨੂੰ ਹਮੇਸ਼ਾ ਇਸੇ ਤਰ੍ਹਾਂ ਜਾਰੀ ਰੱਖਣ ਦੀ ਤਾਕੀਦ ਕੀਤੀ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਦੁਨੀਆ ਦੇ ਕਿਸੇ ਵੀ ਖਿੱਤੇ ‘ਚ ਵੱਸਣ ਵਾਲੇ ਪੰਜਾਬੀ ਆਪਣੇ ਬੱਚਿਆਂ ਨੂੰ ਵਿਰਸੇ, ਇਤਿਹਾਸ ਅਤੇ ਰਵਾਇਤਾਂ ਨਾਲ ਜੋੜੀ ਰੱਖਣ ਲਈ ਪੰਜਾਬੀ ਸਿਖਾਉਣ ਦੇ ਉਪਰਾਲੇ ਜ਼ਰੂਰ ਕਰਨ। ਉਨ੍ਹਾਂ ਕਿਹਾ ਕਿ ਬੱਚੇ ਇੱਕ ਖਾਲੀ ਭਾਂਡੇ ਵਾਂਗ ਹੁੰਦੇ ਹਨ, ਜਿਨ੍ਹਾਂ ‘ਚ ਜੇਕਰ ਮਾਪੇ ਦੁਨਿਆਵੀ ਗਿਆਨ ਦੇ ਨਾਲ-ਨਾਲ ਧਰਮ, ਗੁਰਬਾਣੀ ਅਤੇ ਮਾਂ ਬੋਲੀ ਦੀ ਸੋਝੀ ਪਾਉਣ ਤਾਂ ਉਨ੍ਹਾਂ ਦੀ ਸਖ਼ਸ਼ੀਅਤ ਦੀ ਬਹੁਤ ਹੀ ਗਿਆਨਵਾਨ ਤੇ ਨੇਕ ਉਸਾਰੀ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਬੱਚਿਆਂ ਦੇ ਮਾਪਿਆਂ, ਗੁਰਦੁਆਰਾ ਪ੍ਰਬੰਧਕਾਂ ਅਤੇ ਹੋਰ ਜ਼ਿੰਮੇਵਾਰ ਸੰਸਥਾਵਾਂ ਤੇ ਸਖ਼ਸ਼ੀਅਤਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਬੱਚੇ ਆਪਣੇ ਮਾਂ ਧਰਤੀ ਨਾਲ ਤਾਂ ਹੀ ਜੁੜੇ ਰਹਿ ਸਕਦੇ ਹਨ ਜੇਕਰ ਉਨ੍ਹਾਂ ਨੂੰ ਮਾਂ ਬੋਲੀ ਨਾਲ ਜੋੜਿਆ ਜਾਵੇ। ਇਸ ਲਈ ਜਿਵੇਂ ਕੀਰਤਨ, ਕਥਾ ਅਤੇ ਹੋਰ ਸਮਾਗਮਾਂ ਦੇ ਉਪਰਾਲੇ ਕਰਦੇ ਹਾਂ ਉਸੇ ਤਰ੍ਹਾਂ ਗੁਰਮੁਖੀ ਪੰਜਾਬੀ ਨਾਲ ਜੋੜਣ ਲਈ ਵਿਸ਼ੇਸ਼ ਉਪਰਾਲੇ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਊੜਾ ਦੀ ਸਮਝ ਅਤੇ ਜੂੜੇ ਦੀ ਸੰਭਾਲ ਸਿੱਖੀ ਦੀ ਮੁੱਢਲੀ ਤਾਲੀਮ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡੇ ਬੱਚੇ ਗੁਰਮੁਖੀ ਪੰਜਾਬੀ ਸਿੱਖਣਗੇ ਤਾਂ ਉਹ ਸੁਖਾਲੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਪੜ੍ਹ ਤੇ ਸਮਝ ਸਕਦੇ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਨਾਲ ਗੱਲਬਾਤ ਕਰ ਕੇ ਬਹੁਤ ਹੀ ਤਸੱਲੀ ਮਿਲੀ ਅਤੇ ਪੰਜਾਬੀ ਦੇ ਪੁੱਤਰ ਤੇ ਧੀਆਂ ਆਪਣੀ ਮਾਂ ਬੋਲੀ ਨੂੰ ਮਾਣ ਤੇ ਸਤਿਕਾਰ ਨਾਲ ਉਭਾਰਨ ਲਈ ਵਚਨਬੱਧ ਹਨ। ਇਸ ਉਪਰੰਤ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਲੀਅਰ, ਦ੍ਰਾਮਨ ਵਿਖੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਨਿਵਾਸ ਵਿਖੇ ਨਤਮਸਤਕ ਹੋਣ ਪੁੱਜੇ, ਜਿੱਥੇ ਉਨ੍ਹਾਂ ਸਥਾਨਕ ਸਿੱਖ ਸੰਗਤ ਨਾਲ ਗੁਰਮਤਿ ਅਤੇ ਸਿੱਖ ਇਤਿਹਾਸ ਦੀਆਂ ਵਿਚਾਰਾਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਸਿੱਖ ਦੁਨੀਆ ਵਿੱਚ ਜਿੱਥੇ ਵੀ ਵੱਸੇ ਉਨ੍ਹਾਂ ਨੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲਿਆ ਅਤੇ ਗੁਰੂ ਘਰ ਸਥਾਪਤ ਕੀਤੇ। ਉਨ੍ਹਾਂ ਕਿਹਾ ਗੁਰਦੁਆਰਾ ਸਾਹਿਬ ਜੀਵਨ ਜਾਚ ਦੇ ਸੋਮੇ ਹਨ ਜਿੱਥੇ ਅਸੀਂ ਗੁਰਬਾਣੀ ਤੇ ਸਿੱਖ ਇਤਿਹਾਸ ਨਾਲ ਜੁੜਦੇ ਹਾਂ ਅਤੇ ਉੱਥੇ ਹੀ ਸਿੱਖ ਰਵਾਇਤਾਂ ਦੀ ਸੋਝੀ ਵੀ ਸਾਨੂੰ ਗੁਰੂ ਘਰਾਂ ਵਿੱਚੋਂ ਹੀ ਪ੍ਰਾਪਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਦੇ ਗੁਰੂ ਘਰਾਂ ਵਿੱਚ ਹਫ਼ਤਾਵਰੀ ਸੰਗਤ ਦੇ ਇਕੱਠਾਂ ਦੀ ਜੋ ਰਵਾਇਤ ਚੱਲਦੀ ਹੈ ਇਹ ਹਮੇਸ਼ਾ ਕਾਇਮ ਰੱਖੀ ਜਾਵੇ ਅਤੇ ਇਸ ਨਾਲ ਅਸੀਂ ਗੁਰੂ ਦੀ ਸੰਗਤ ਕਰਨ ਤੋਂ ਇਲਾਵਾ ਇੱਕ ਦੂਜੇ ਨਾਲ ਜਾਣ ਪਛਾਣ ਕਰਦੇ ਹਾਂ ਅਤੇ ਇੱਕ ਦੂਜੇ ਦੇ ਦੁਖ ਸੁਖ ਤੋਂ ਵੀ ਜਾਣੂ ਹੁੰਦੇ ਹਾਂ। ਉਨ੍ਹਾਂ ਦ੍ਰਾਮਨ ਦੀ ਸਿੱਖ ਸੰਗਤ ਨੂੰ ਆਪਣੇ ਬੱਚਿਆਂ ਨਾਲ ਸਮੇਂ-ਸਮੇਂ ਪੰਜਾਬ ਆਉਣ ਅਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਤੇ ਇਸ਼ਨਾਨ ਕਰਨ ਲਈ ਜਾਣ ਦੀ ਪ੍ਰੇਰਣਾ ਕੀਤੀ।

