Girl’s body thrown into Patt Rol pond! Police encounter accused, mother refuses to take body
ਕੁੜੀ ਦੀ ਪੱਤ ਰੋਲ਼ ਛੱਪੜ ‘ਚ ਸੁੱਟ’ਤੀ ਲਾਸ਼ ! ਪੁਲਸ ਨੇ ਮੁਲਜ਼ਮ ਦਾ ਕਰ’ਤਾ ਐਨਕਾਊਂਟਰ, ਮਾਂ ਨੇ ਲਾਸ਼ ਲੈਣ ਤੋਂ ਕੀਤੀ ਨਾਂ
Kolkata, (ਆਵਾਜ਼ਿ ਕੌਮ ਬਿਊਰੋ)-ਪੱਛਮੀ ਬੰਗਾਲ ਦੇ ਬਾਰੂਈਪੁਰ ‘ਚ 11 ਸਾਲਾ ਮਾਸੂਮ ਬੱਚੀ ਨਾਲ ਜਬਰ-ਜਨਾਹ ਕਰਨ ਮਗਰੋਂ ਉਸ ਦਾ ਕਤਲ ਕਰ ਕੇ ਲਾਸ਼ ਛੱਪੜ ‘ਚ ਸੁੱਟਣ ਵਾਲੇ ਪ੍ਰਭਾਸ ਮੰਡਲ ਨੂੰ ਪੁਲਸ ਨੇ ਮੁਕਾਬਲੇ ਦੌਰਾਨ ਢੇਰ ਕਰ ਦਿੱਤਾ ਹੈ। ਪੁਲਸ ਹੱਥੋਂ ਮਾਰੇ ਜਾਣ ਮਗਰੋਂ ਪ੍ਰਭਾਸ ਦੀ ਮਾਂ ਨੇ ਬੁੱਧਵਾਰ ਨੂੰ ਉਸ ਦੀ ਲਾਸ਼ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਦੋਸ਼ੀ ਦੀ ਮਾਂ ਸੰਧਿਆ ਮੰਡਲ ਨੇ ਕਿਹਾ ਕਿ ਉਸ ਦੇ ਪੁੱਤ ਨੂੰ ਉਸ ਦੇ ਮਾੜੇ ਕਰਮਾਂ ਦੀ ਸਜ਼ਾ ਮਿਲ ਗਈ ਹੈ ਅਤੇ ਉਸ ਨੂੰ ਆਪਣੇ ਪੁੱਤ ਦੀ ਮੌਤ ਦਾ ਕੋਈ ਅਫ਼ਸੋਸ ਨਹੀਂ ਹੈ। ਪੁਲਸ ਵੱਲੋਂ ਪ੍ਰਭਾਸ ਦੇ ਐਨਕਾਊਂਟਰ ਦੀ ਖ਼ਬਰ ਦਿੱਤੇ ਜਾਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਂ ਸੰਧਿਆ ਮੰਡਲ ਨੇ ਕਿਹਾ, “ਉਸ ਛੋਟੀ ਬੱਚੀ ਨੇ ਮਰਨ ਵੇਲੇ ਬੇਹਿਸਾਬ ਦਰਦ ਝੱਲਿਆ ਹੋਵੇਗਾ। ਮੇਰੇ ਪੁੱਤ ਨੂੰ ਉਸ ਦੇ ਕੀਤੇ ਦੀ ਸਜ਼ਾ ਮਿਲ ਗਈ ਹੈ।” ਉਨ੍ਹਾਂ ਕਿਹਾ ਕਿ ਪੁਲਸ ਨੇ ਉਨ੍ਹਾਂ ਨੂੰ ਲਾਸ਼ ਦੇਖਣ ਲਈ ਹਸਪਤਾਲ ਆਉਣ ਬਾਰੇ ਕਿਹਾ ਸੀ, ਪਰ ਉਹ ਨਾ ਤਾਂ ਉਸ ਦਾ ਚਿਹਰਾ ਦੇਖਣਾ ਚਾਹੁੰਦੀ ਹੈ ਅਤੇ ਨਾ ਹੀ ਪਰਿਵਾਰ ਦਾ ਕੋਈ ਹੋਰ ਮੈਂਬਰ ਲਾਸ਼ ਲੈਣ ਜਾਵੇਗਾ। ਉਸ ਦੀ ਮਾਂ ਨੇ ਦੱਸਿਆ ਕਿ ਪ੍ਰਭਾਸ ਲੰਬੇ ਸਮੇਂ ਤੋਂ ਨਸ਼ੇ ਦਾ ਆਦੀ ਸੀ ਅਤੇ ਕਦੇ ਕਿਸੇ ਦੀ ਗੱਲ ਨਹੀਂ ਸੁਣਦਾ ਸੀ, ਇਸ ਕਾਰਨ ਪਰਿਵਾਰ ਦਾ ਕੋਈ ਵੀ ਮੈਂਬਰ ਉਸ ਦੀ ਜ਼ਿਆਦਾ ਪਰਵਾਹ ਨਹੀਂ ਕਰਦਾ ਸੀ। ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਗ੍ਰਿਫ਼ਤਾਰੀ ਮਗਰੋਂ ਪੁੱਛਗਿੱਛ ਦੌਰਾਨ ਪ੍ਰਭਾਸ ਜਾਂਚ ਟੀਮ ਨੂੰ ਗੁੰਮਰਾਹ ਕਰ ਰਿਹਾ ਸੀ। ਘਟਨਾ ਦੀਆਂ ਕੜੀਆਂ ਜੋੜਨ ਅਤੇ ਵਾਰਦਾਤ ਵਾਲੀ ਥਾਂ ਦੀ ਨਿਸ਼ਾਨਦੇਹੀ ਲਈ ਪੁਲਸ ਟੀਮ ਮੰਗਲਵਾਰ ਰਾਤ ਕਰੀਬ 12:45 ਵਜੇ ਉਸ ਨੂੰ ਦੱਖਣ 24 ਪਰਗਨਾ ਜ਼ਿਲ੍ਹੇ ਦੇ ਸੂਰਿਆਪੁਰ ਲੈ ਕੇ ਗਈ ਸੀ। ਇਸੇ ਦੌਰਾਨ ਉਸ ਨੇ ਅਚਾਨਕ ਇੱਕ ਪੁਲਸ ਮੁਲਾਜ਼ਮ ਦੀ ਸਰਕਾਰੀ ਪਿਸਤੌਲ ਖੋਹ ਕੇ ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲਸ ‘ਤੇ ਗੋਲੀ ਚਲਾ ਦਿੱਤੀ। ਪੁਲਸ ਨੇ ਸੈਲਫ਼ ਡਿਫੈਂਸ ‘ਚ ਜਵਾਬੀ ਫਾਇਰਿੰਗ ਕੀਤੀ, ਜਿਸ ਵਿੱਚ ਪ੍ਰਭਾਸ ਜ਼ਖ਼ਮੀ ਹੋ ਗਿਆ ਅਤੇ ਹਸਪਤਾਲ ਲਿਜਾਣ ‘ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜ਼ਿਕਰਯੋਗ ਹੈ ਕਿ 4 ਜੁਲਾਈ ਨੂੰ ਲਾਪਤਾ ਹੋਈ 11 ਸਾਲਾ ਲੜਕੀ ਦੀ ਲਾਸ਼ ਅਗਲੇ ਦਿਨ ਸੂਰਿਆਪੁਰ ਹਾਟ ਇਲਾਕੇ ਦੇ ਇੱਕ ਤਾਲਾਬ ਵਿੱਚੋਂ ਬੋਰੇ ਵਿੱਚ ਬੰਦ ਮਿਲੀ ਸੀ। ਲੜਕੀ ਦਾ ਬੇਰਹਿਮੀ ਨਾਲ ਜਬਰ-ਜਨਾਹ ਤੋਂ ਬਾਅਦ ਕਤਲ ਕਰ ਦਿੱਤੀ ਗਈ ਸੀ, ਜਿਸ ਕਾਰਨ ਲੋਕਾਂ ਵਿੱਚ ਭਾਰੀ ਗੁੱਸਾ ਸੀ। ਇਸ ਮਾਮਲੇ ‘ਚ ਹੁਣ ਤੱਕ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ‘ਚੋਂ ਪ੍ਰਭਾਸ ਵੀ ਸ਼ਾਮਲ ਹੈ। ਪ੍ਰਭਾਸ ਦੀ ਜਾਣਕਾਰੀ ‘ਤੇ ਹੀ ਲੜਕੀ ਦੀ ਲਾਸ਼ ਬਰਾਮਦ ਕੀਤੀ ਗਈ ਸੀ। ਹੁਣ ਮਾਮਲੇ ਦੀ ਅਗਲੇਰੀ ਕਾਰਵਾਈ ਜਾਰੀ ਹੈ।

