Good news for those getting a passport made! Do this immediately; it will happen on October 8…
ਪਾਸਪੋਰਟ ਬਣਵਾਉਣ ਵਾਲਿਆਂ ਲਈ Good News! ਤੁਰੰਤ ਕਰੋ ਇਹ ਕੰਮ, 8 ਅਕਤੂਬਰ ਨੂੰ ਹੋਵੇਗਾ…
ਜਲੰਧਰ (ਆਵਾਜ਼ਿ ਕੌਮ ਬਿਊਰੋ)-ਖੇਤਰੀ ਪਸਪੋਰਟ ਦਫ਼ਤਰ ਜਲੰਧਰ ਵੱਲੋਂ ਪਾਸਪੋਰਟ ਬਿਨੈਕਾਰਾਂ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਪੈਂਡਿੰਗ ਮਾਮਲਿਆਂ ਦੇ ਜਲਦੀ ਨਿਪਟਾਰੇ ਲਈ 8 ਅਕਤੂਬਰ ਦਿਨ ਵੀਰਵਾਰ ਨੂੰ ਪਾਸਪੋਰਟ ਅਦਾਲਤ ਆਯੋਜਿਤ ਕੀਤੀ ਜਾਵੇਗੀ। ਇਹ ਪਾਸਪੋਰਟ ਅਦਾਲਤ ਖੇਤਰੀ ਪਾਸਪੋਰਟ ਦਫ਼ਤਰ, ਐੱਸ. ਸੀ. ਓ. ਨੰਬਰ 42-51, ਪਾਕੇਟ-1, ਬੱਸ ਸਟੈਂਡ ਨੇੜੇ ਜਲੰਧਰ ਵਿਚ ਆਯੋਜਿਤ ਹੋਵੇਗੀ। ਖੇਤਰੀ ਪਾਸਪੋਰਟ ਦਫ਼ਤਰ ਵੱਲੋਂ ਜਾਰੀ ਪ੍ਰੈੱਸ ਨੋਟ ਮੁਤਾਬਕ ਇਸ ਪਾਸਪੋਰਟ ਅਦਾਲਤ ਵਿਚ ਉਨ੍ਹਾਂ ਸਾਰੀਆਂ ਸ਼੍ਰੇਣੀਆਂ ਦੇ ਬਿਨੈਕਾਰ ਸ਼ਾਮਲ ਹੋ ਸਕਦੇ ਹਨ, ਜਿਨ੍ਹਾਂ ਨੇ 31 ਜੁਲਾਈ 2026 ਤਕ ਪਾਸਪੋਰਟ ਲਈ ਅਪਲਾਈ ਕੀਤਾ ਹੈ ਪਰ ਉਨ੍ਹਾਂ ਦੀਆਂ ਅਰਜ਼ੀਆਂ ਹਾਲੇ ਤਕ ਦਫ਼ਤਰ ਵਿਚ ਪੈਂਡਿੰਗ ਹਨ। ਉਨ੍ਹਾਂ ਵਿਚੋਂ ਅਜਿਹੇ ਮਾਮਲੇ ਵੀ ਸ਼ਾਮਲ ਹਨ, ਜਿਨ੍ਹਾਂ ਵਿਚ ਬਿਨੈਕਾਰ ਵੱਲੋਂ ਕਿਸੇ ਦਸਤਾਵੇਜ਼ ਜਾਂ ਹੋਰ ਅਨੁਪਾਲਨ ਦੀ ਲੋੜ ਹੈ ਜਾਂ ਕਿਸੇ ਹੋਰ ਕਾਰਨ ਅਰਜ਼ੀ ਪੈਂਡਿੰਗ ਪਈ ਹੋਈ ਹੈ। ਦਫ਼ਤਰ ਨੇ ਯੋਗ ਬਿਨੈਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ 8 ਅਕਤੂਬਰ ਨੂੰ ਸਵੇਰੇ 9.30 ਵਜੇ ਤੋਂ ਦੁਪਹਿਰ 12.30 ਵਜੇ ਤਕ ਖੇਤਰੀ ਪਾਸਪੋਰਟ ਦਫ਼ਤਰ ਪਹੁੰਚਣ। ਬਿਨੈਕਾਰਾਂ ਨੂੰ ਆਪਣੀਆਂ ਪੈਂਡਿੰਗ ਪਾਸਪੋਰਟ ਅਰਜ਼ੀਆਂ ਨਾਲ ਸਬੰਧਤ ਸਾਰੇ ਜ਼ਰੂਰੀ ਅਤੇ ਪ੍ਰਾਸੰਗਿਕ ਦਸਤਾਵੇਜ਼ ਨਾਲ ਲੈ ਕੇ ਆਉਣ ਦੀ ਸਲਾਹ ਦਿੱਤੀ ਗਈ ਹੈ ਤਾਂ ਜੋ ਉਨ੍ਹਾਂ ਦੇ ਮਾਮਲੇ ਦਾ ਮੌਕੇ ’ਤੇ ਨਿਪਟਾਰਾ ਕੀਤਾ ਜਾ ਸਕੇ। ਪਾਸਪੋਰਟ ਅਧਿਕਾਰੀ ਯਸ਼ਪਾਲ ਨੇ ਕਿਹਾ ਕਿ ਪਾਸਪੋਰਟ ਅਦਾਲਤ ਦਾ ਮੁੱਖ ਉਦੇਸ਼ ਉਨ੍ਹਾਂ ਬਿਨੈਕਾਰਾਂ ਨੂੰ ਸਹੂਲਤ ਪ੍ਰਦਾਨ ਕਰਨਾ ਹੈ, ਜਿਨ੍ਹਾਂ ਦੀਆਂ ਅਰਜ਼ੀਆਂ ਕਿਸੇ ਕਾਰਨ ਪੈਂਡਿੰਗ ਹਨ। ਉਨ੍ਹਾਂ ਨੇ ਯੋਗ ਬਿਨੈਕਾਰਾਂ ਨੂੰ ਨਿਰਧਾਰਿਤ ਮਿਤੀ ਅਤੇ ਸਮੇਂ ’ਤੇ ਦਫ਼ਤਰ ਪਹੁੰਚ ਕੇ ਆਪਣੇ ਮਾਮਲੇ ਨਾਲ ਸਬੰਧਤ ਦਸਤਾਵੇਜ਼ ਪੇਸ਼ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਬਿਨੈਕਾਰ ਆਪਣੀ ਅਰਜ਼ੀ ਦੀ ਸਥਿਤੀ ਜਾਂ ਪਾਸਪੋਰਟ ਨਾਲ ਸਬੰਧਤ ਕਿਸੇ ਵੀ ਜਾਣਕਾਰੀ ਲਈ ਖੇਤਰੀ ਪਾਸਪੋਰਟ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ। ਪਾਸਪੋਰਟ ਦਫ਼ਤਰ ਦਾ ਯਤਨ ਹੈ ਕਿ ਬਿਨੈਕਾਰਾਂ ਨੂੰ ਬੇਲੋੜੀ ਪ੍ਰੇਸ਼ਾਨੀ ਨਾ ਹੋਵੇ ਅਤੇ ਪੈਂਡਿੰਗ ਮਾਮਲਿਆਂ ਨੂੰ ਨਿਰਧਾਰਿਤ ਪ੍ਰਕਿਰਿਆ ਤਹਿਤ ਜਲਦ ਤੋਂ ਜਲਦ ਨਿਪਟਾਇਆ ਜਾਵੇ। ਪਾਸਪੋਰਟ ਦਫ਼ਤਰ ਨੇ ਆਮ ਲੋਕਾਂ ਨੂੰ ਵਿਸ਼ੇਸ਼ ਤੌਰ ’ਤੇ ਸੁਚੇਤ ਕੀਤਾ ਹੈ ਕਿ ਵਿਦੇਸ਼ ਮੰਤਰਾਲਾ ਵੱਲੋਂ ਕਿਸੇ ਵੀ ਸੰਸਥਾ, ਏਜੰਟ ਜਾਂ ਵਿਚੋਲੇ ਨੂੰ ਪਾਸਪੋਰਟ ਸਬੰਧੀ ਸੇਵਾਵਾਂ ਲਈ ਅਧਿਕਾਰਤ ਨਹੀਂ ਕੀਤਾ ਗਿਆ। ਇਸ ਲਈ ਨਾਗਰਿਕਾਂ ਨੂੰ ਕਿਸੇ ਏਜੰਟ ਜਾਂ ਵਿਚੋਲੇ ਦੇ ਸੰਪਰਕ ‘ਚ ਆਉਣ ਦੀ ਬਜਾਏ ਪਾਸਪੋਰਟ ਲਈ ਸਿੱਧਾ ਵਿਦੇਸ਼ ਮੰਤਰਾਲਾ ਦੇ ਅਧਿਕਾਰਕ ਪੋਰਟਲ ਪਾਸਪੋਰਟ ਸੇਵਾ ਰਾਹੀਂ ਅਪਲਾਈ ਕਰਨ ਦੀ ਸਲਾਹ ਦਿੱਤੀ ਗਈ ਸੀ। ਦਫ਼ਤਰ ਨੇ ਕਿਹਾ ਕਿ ਪਾਸਪੋਰਟ ਨਾਲ ਸਬੰਧਤ ਜਾਣਕਾਰੀ, ਪੁੱਛਗਿੱਛ ਜਾਂ ਕਿਸੇ ਪੈਂਡਿੰਗ ਅਰਜ਼ੀ ਸਬੰਧੀ ਬਿਨੈਕਾਰ ਸਿੱਧਾ ਖੇਤਰੀ ਪਾਸਪੋਰਟ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ।
ਮਹੱਤਵਪੂਰਨ ਜਾਣਕਾਰੀ
- ਪਾਸਪੋਰਟ ਅਦਾਲਤ : 8 ਅਕਤੂਬਰ 2026, ਵੀਰਵਾਰ
- ਸਮਾਂ : ਸਵੇਰੇ 9.30 ਤੋਂ ਦੁਪਹਿਰ 12.30 ਵਜੇ ਤਕ
- ਸਥਾਨ : ਖੇਤਰੀ ਪਾਸਪੋਰਟ ਦਫਤਰ, ਐੱਸ. ਸੀ. ਓ. 42-51, ਪਾਕੇਟ-1, ਬੱਸ ਸਟੈਂਡ ਦੇ ਨੇੜੇ, ਜਲੰਧਰ
- ਯੋਗਤਾ : 31 ਜੁਲਾਈ 2026 ਤਕ ਅਪਲਾਈ ਕਰ ਚੁੱਕੇ ਅਤੇ ਦਫ਼ਤਰ ਵਿਚ ਪੈਂਡਿੰਗ ਅਰਜ਼ੀਆਂ ਵਾਲੇ ਬਿਨੈਕਾਰ
- ਨਾਲ ਲਿਆਓ : ਪੈਂਡਿੰਗ ਅਰਜ਼ੀਆਂ ਨਾਲ ਸਬੰਧਤ ਸਾਰੇ ਜ਼ਰੂਰੀ ਦਸਤਾਵੇਜ਼

