‘Got up under the pretext of offering prayers and…!’ Samit Machhar, who saved the lives of 174 people, made sensational revelations
‘ਨਮਾਜ਼ ਪੜ੍ਹਨ ਦੇ ਬਹਾਨੇ ਉੱਠਿਆ ਤੇ..!’ 174 ਲੋਕਾਂ ਦੀ ਜਾਨ ਬਚਾਉਣ ਵਾਲੇ ਸਮਿਤ ਮਛਾਰ ਨੇ ਕੀਤੇ ਸਨਸਨੀਖੇਜ਼ ਖੁਲਾਸੇ
Dubai, (ਆਵਾਜ਼ਿ ਕੌਮ ਬਿਊਰੋ)-ਫਲਾਈਦੁਬਈ ਦੇ ਦੁਬਈ ਤੋਂ ਇਜ਼ਰਾਈਲ ਜਾਂਦੇ ਜਹਾਜ਼ ਨੂੰ ਕ੍ਰੈਸ਼ ਹੋਣ ਤੋਂ ਬਚਾਉਣ ਵਾਲੇ ਭਾਰਤੀ ਕਪਤਾਨ ਸਮਿਤ ਮਛਾਰ ਨੇ ਕਾਕਪਿਟ ਦੇ ਅੰਦਰਲੇ ਮਾਹੌਲ ਬਾਰੇ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਫ਼ੋਨ ‘ਤੇ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਜਹਾਜ਼ ਹਵਾ ਵਿਚਾਲੇ ‘ਤੇ ਸੀ ਅਤੇ ਉਨ੍ਹਾਂ ਦਾ ਓਮਾਨੀ ਕੋ-ਪਾਇਲਟ ਨਮਾਜ਼ ਪੜ੍ਹਨ ਦੇ ਬਹਾਨੇ ਉੱਠਿਆ ਤੇ ਉੱਠ ਕੇ ਕਾਕਪਿਟ ਦੇ ਅੰਦਰ ਹੀ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਭਾਰਤੀ ਪਾਇਲਟ ਸਮਿਤ ਮਛਾਰ ਮੁਤਾਬਕ, ਫਲਾਈਟ ਆਮ ਦਿਨਾਂ ਵਾਂਗ ਸਹੀ ਤਰ੍ਹਾਂ ਚੱਲ ਰਹੀ ਸੀ। ਇਸੇ ਦੌਰਾਨ ਓਮਾਨੀ ਕੋ-ਪਾਇਲਟ ਹਮਾਮ ਅਲ ਹਮਾਮੀ ਕਾਕਪਿਟ ‘ਚ ਨਮਾਜ਼ ਪੜ੍ਹਨ ਲਈ ਆਪਣੀ ਸੀਟ ਤੋਂ ਉੱਠਿਆ ਸੀ। ਕਰੀਬ 5 ਮਿੰਟ ਨਮਾਜ਼ ਪੜ੍ਹਨ ਤੋਂ ਤੁਰੰਤ ਬਾਅਦ ਕੋ-ਪਾਇਲਟ ਨੇ ਅਚਾਨਕ ਸਮਿਤ ਮਛਾਰ ‘ਤੇ ਪਿੱਛੋਂ ਐਮਰਜੈਂਸੀ ਕੁਹਾੜੀ ਨਾਲ ਹਮਲਾ ਕਰ ਦਿੱਤਾ। ਇਹ ਸਭ ਇੰਨਾ ਅਚਾਨਕ ਹੋਇਆ ਕਿ ਸਮਿਤ ਨੂੰ ਆਪਣਾ ਬਚਾਅ ਕਰਨ ਦਾ ਮੌਕਾ ਤੱਕ ਨਹੀਂ ਮਿਲਿਆ। ਜਹਾਜ਼ ਦੇ ਕਾਕਪਿਟ ਅੰਦਰ ਹੋਏ ਇਸ ਹਮਲੇ ਕਾਰਨ ਜਹਾਜ਼ ਦੀ ਸੁਰੱਖਿਆ ਅਤੇ ਯਾਤਰੀਆਂ ਦੀ ਜਾਨ ਲਈ ਵੱਡਾ ਖ਼ਤਰਾ ਪੈਦਾ ਹੋ ਗਿਆ ਸੀ। ਹਾਲਾਂਕਿ, ਸਮਿਤ ਨੇ ਸਮਝਦਾਰੀ ਅਤੇ ਹਿੰਮਤ ਨਾਲ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਤੇ ਕਾਕਪਿਟ ਦਾ ਦਰਵਾਜ਼ਾ ਖੋਲ੍ਹਿਆ, ਜਿਸ ਮਗਰੋਂ ਯਾਤਰੀਆਂ ਦੀ ਮਦਦ ਨਾਲ ਜਹਾਜ਼ ਨੂੰ ਕ੍ਰੈਸ਼ ਹੋਣ ਤੋਂ ਬਚਾਇਆ ਜਾ ਸਕਿਆ। ਇਸ ਜਹਾਜ਼ ਦੀ ਸਾਊਦੀ ਦੇ ਤਬੂਕ ਇੰਟਰਨੈਸ਼ਨਲ ਏਅਰਪੋਰਟ ‘ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ, ਜਿੱਥੋਂ ਸਮਿਤ ਮਛਾਰ ਨੂੰ ਗੰਭੀਰ ਜ਼ਖ਼ਮੀ ਹਾਲਤ ‘ਚ ਹਸਪਤਾਲ ਲਿਜਾਇਆ ਗਿਆ, ਜਦਕਿ ਓਮਾਨੀ ਕੋ-ਪਾਇਲਟ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਹਾਲਤ ਗੰਭੀਰ ਹੋਣ ਕਾਰਨ ਸਮਿਤ ਨੂੰ ਦੁਬਈ ਦੇ ਹਸਪਤਾਲ ਸ਼ਿਫਟ ਕਰ ਦਿੱਤਾ ਗਿਆ, ਜਿੱਥੇ ਹੁਣ ਉਨ੍ਹਾਂ ਦੀ ਹਾਲਤ ‘ਚ ਕਾਫ਼ੀ ਸੁਧਾਰ ਹੈ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਹਵਾਈ ਸੁਰੱਖਿਆ ਨਿਯਮਾਂ ਅਤੇ ਕਾਕਪਿਟ ‘ਚ ਧਾਰਮਿਕ ਗਤੀਵਿਧੀਆਂ ਦੇ ਪ੍ਰੋਟੋਕੋਲ ‘ਤੇ ਨਵੇਂ ਸਵਾਲ ਖੜ੍ਹੇ ਹੋ ਗਏ ਹਨ। ਇਸ ਘਟਨਾ ਤੋਂ ਬਾਅਦ ਸਬੰਧਤ ਏਅਰਲਾਈਨ ਅਤੇ ਏਵੀਏਸ਼ਨ ਅਥਾਰਟੀਆਂ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਭਵਿੱਖ ‘ਚ ਅਜਿਹੀ ਕੋਈ ਵੀ ਘਟਨਾ ਦੁਬਾਰਾ ਨਾ ਵਾਪਰੇ।

