Gujarat: Part of under-construction building collapses, more than 10 workers feared buried under debris
ਗੁਜਰਾਤ: ਉਸਾਰੀ ਅਧੀਨ ਇਮਾਰਤ ਦਾ ਹਿੱਸਾ ਡਿੱਗਾ, 10 ਤੋਂ ਵੱਧ ਮਜ਼ਦੂਰਾਂ ਦੇ ਮਲਬੇ ਹੇਠ ਦੱਬਣ ਦਾ ਖਦਸ਼ਾ
ਗਾਂਧੀਨਗਰ (ਆਵਾਜ਼ਿ ਕੌਮ ਬਿਊਰੋ)-ਗੁਜਰਾਤ ਦੇ ਗਾਂਧੀਨਗਰ ਵਿੱਚ ਇੱਕ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਹੈ, ਜਿੱਥੇ ਕੁੜਾਸਨ ਇਲਾਕੇ ‘ਚ ਨਿਰਮਾਣ ਅਧੀਨ ਇਮਾਰਤ ਦਾ ਸਲੈਬ (ਹਿੱਸਾ) ਅਚਾਨਕ ਡਿੱਗ ਗਿਆ। ਇਸ ਘਟਨਾ ਤੋਂ ਬਾਅਦ ਮੌਕੇ ‘ਤੇ ਹਫੜਾ-ਦਫੜੀ ਮਚ ਗਈ। ਸ਼ੁਰੂਆਤੀ ਜਾਣਕਾਰੀ ਅਨੁਸਾਰ ਮਲਬੇ ਹੇਠਾਂ 10 ਤੋਂ ਵੱਧ ਮਜ਼ਦੂਰਾਂ ਦੇ ਦੱਬੇ ਹੋਣ ਦੀ ਸ਼ੰਕਾ ਜਤਾਈ ਜਾ ਰਹੀ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ। ਪੁਲਸ ਅਨੁਸਾਰ ਹਾਦਸੇ ਵਿੱਚ 5 ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਗਾਂਧੀਨਗਰ ਫਾਇਰ ਆਫਿਸ ਦੇ ਰਾਜੇਸ਼ ਪਟੇਲ ਨੇ ਦੱਸਿਆ ਕਿ ਕੁੜਾਸਨ ਇਲਾਕੇ ਵਿੱਚ ਇਹ ਹਾਦਸਾ ਵਾਪਰਿਆ ਹੈ ਅਤੇ ਫਾਇਰ ਵਿਭਾਗ ਦੀਆਂ ਟੀਮਾਂ ਮਲਬਾ ਹਟਾ ਕੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਵਿੱਚ ਜੁਟੀਆਂ ਹੋਈਆਂ ਹਨ। ਘਟਨਾ ਤੋਂ ਬਾਅਦ ਗੁਜਰਾਤ ਦੇ ਡਿਪਟੀ ਸੀ. ਐੱਮ. ਹਰਸ਼ ਸੰਘਵੀ ਮੌਕੇ ‘ਤੇ ਪਹੁੰਚੇ ਅਤੇ ਉਨ੍ਹਾਂ ਨੇ ਘਟਨਾ ਸਥਾਨ ‘ਤੇ ਚੱਲ ਰਹੇ ਰਾਹਤ ਅਤੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ। ਫਿਲਹਾਲ ਮੌਕੇ ‘ਤੇ ਰੈਸਕਿਊ ਆਪ੍ਰੇਸ਼ਨ ਲਗਾਤਾਰ ਜਾਰੀ ਹਨ।

