Gunfire between excise team and drug smuggler, tense atmosphere in the area
ਐਕਸਾਈਜ਼ ਟੀਮ ਤੇ ਨਸ਼ਾ ਤਸਕਰ ਵਿਚਾਲੇ ਚੱਲੀਆਂ ਗੋਲੀਆਂ, ਇਲਾਕੇ ‘ਚ ਤਣਾਅ ਦਾ ਮਾਹੌਲ
ਜਲੰਧਰ (ਆਵਾਜ਼ਿ ਕੌਮ ਬਿਊਰੋ)-ਭਾਰਗਵ ਕੈਂਪ ਵਿਚ ਸ਼ਰਾਬ ਸਮੱਗਲਿੰਗ ਦੇ ਇਨਪੁੱਟ ਨੂੰ ਲੈ ਕੇ ਐਕਸਾਈਜ਼ ਵਿਭਾਗ ਦੀ ਰੇਡ ਦੌਰਾਨ ਫਾਇਰਿੰਗ ਹੋ ਗਈ। ਦੋਸ਼ ਹੈ ਕਿ ਸ਼ਰਾਬ ਸਮੱਗਲਰਾਂ ਦੇ ਹੱਕ ਵਿਚ ਕੁਝ ਲੋਕਾਂ ਨੇ ਗੋਲੀਆਂ ਚਲਾਈਆਂ, ਜਦਕਿ ਦੂਜੀ ਧਿਰ ਵੱਲੋਂ ਵੀ ਫਾਇਰਿੰਗ ਕੀਤੀ ਗਈ। ਏ. ਸੀ. ਪੀ. ਵੈਸਟ ਆਤਿਸ਼ ਭਾਟੀਆ ਨੇ ਦੱਸਿਆ ਕਿ ਅੱਡਾ ਭਾਰਗਵ ਕੈਂਪ ਵਿਚ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਵਿਚ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਦੀ ਮੌਜੂਦਗੀ ਵਿਚ ਵਿਅਕਤੀ ਨੂੰ ਗ਼ੈਰ-ਕਾਨੂੰਨੀ ਸ਼ਰਾਬ ਨਾਲ ਗ੍ਰਿਫ਼ਤਾਰ ਕੀਤਾ, ਪਰ ਇਸੇ ਵਿਚਾਲੇ ਕੁਝ ਲੋਕ ਇਕੱਠੇ ਹੋ ਗਏ ਅਤੇ ਫਾਇਰਿੰਗ ਹੋ ਗਈ। ਉਨ੍ਹਾਂ ਕਿਹਾ ਕਿ ਇਕ ਗੋਲੀ ਦਾ ਖੋਲ ਬਰਾਮਦ ਹੋਇਆ ਹੈ। ਦੋਸ਼ ਹੈ ਕਿ ਇਸ ਵਿਚ ਸੰਦੀਪ ਪਾਹਵਾ ਖੁੱਲ੍ਹ ਕੇ ਸਾਹਮਣੇ ਆਇਆ, ਜਿਸ ਤੋਂ ਬਾਅਦ ਇਲਾਕੇ ਦਾ ਮਾਹੌਲ ਵਿਗਾੜਿਆ ਗਿਆ। ਉੱਧਰ ਏ. ਡੀ. ਸੀ. ਪੀ. ਰਾਕੇਸ਼ ਯਾਦਵ ਨੇ ਕਿਹਾ ਕਿ ਹਵਾ ਵਿਚ ਫਾਇਰਿੰਗ ਹੋਈ ਹੈ। ਉਨ੍ਹਾਂ ਕਿਹਾ ਕਿ ਰੇਡ ਕਰਨ ਆਈ ਐਕਸਾਈਜ਼ ਵਿਭਾਗ ਦੀ ਟੀਮ ’ਤੇ ਫਾਇਰਿੰਗ ਹੋਈ ਤਾਂ ਤੋਤਾ ਨਾਂ ਦੇ ਵਿਅਕਤੀ ਨੇ ਵੀ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਦਹਿਸ਼ਤ ਫ਼ੈਲ ਗਈ। ਏ. ਸੀ. ਪੀ. ਵੈਸਟ ਆਤਿਸ਼ ਭਾਟੀਆ ਨੇ ਕਿਹਾ ਕਿ ਸੰਦੀਪ ਪਾਹਵਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਤੋਤਾ, ਡੀਸੀ, ਬੋਨੀ ਸਮੇਤ ਕਈ ਅਣਪਛਾਤੇ ਲੋਕਾਂ ਨੂੰ ਵੀ ਨਾਮਜ਼ਦ ਕੀਤਾ ਹੈ। ਏ. ਡੀ. ਸੀ. ਪੀ. ਰਾਕੇਸ਼ ਯਾਦਵ ਨੇ ਕਿਹਾ ਕਿ ਨਾਮਜ਼ਦ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਐਕਸਾਈਜ਼ ਵਿਭਾਗ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਭਾਰਗਵ ਕੈਂਪ ਵਿਚ ਸੰਦੀਪ ਪਾਹਵਾ ਗ਼ੈਰ-ਕਾਨੂੰਨੀ ਤਰੀਕੇ ਨਾਲ ਸ਼ਰਾਬ ਵੇਚ ਰਿਹਾ ਹੈ। ਜਿਉਂ ਹੀ ਐਕਸਾਈਜ਼ ਵਿਭਾਗ ਦੀ ਟੀਮ ਨੇ ਇਸ ’ਤੇ ਕੰਮ ਕੀਤਾ ਤਾਂ ਨਿੱਜੀ ਟੀਮ ਨੂੰ ਨਾਲ ਲੈ ਕੇ ਉੱਥੇ ਰੇਡ ਕਰ ਦਿੱਤੀ। ਇਸ ਟੀਮ ਵਿਚ ਤੋਤਾ ਵੀ ਸੀ, ਜਿਸ ਖ਼ਿਲਾਫ਼ ਪਹਿਲਾਂ ਤੋਂ ਹੀ ਅਪਰਾਧਿਕ ਕੇਸ ਦਰਜ ਹੈ। ਕੁਝ ਲੋਕਾਂ ਨੇ ਤੋਤਾ ’ਤੇ ਵੀ ਫਾਇਰਿੰਗ ਦੇ ਦੋਸ਼ ਲਾਏ। ਦੱਸਿਆ ਜਾ ਰਿਹਾ ਹੈ ਕਿ ਤੋਤਾ ਐਕਸਾਈਜ਼ ਟੀਮ ਦੇ ਨਾਲ ਗਿਆ ਸੀ। ਲੋਕਾਂ ਦਾ ਕਹਿਣਾ ਹੈ ਕਿ ਤੋਤਾ ਕੋਲ ਕੋਈ ਲਾਇਸੈਂਸ ਵਾਲਾ ਵੈਪਨ ਨਹੀਂ ਹੈ। ਦੇਰ ਰਾਤ ਥਾਣਾ ਭਾਰਗਵ ਕੈਂਪ ਵਿਚ ਦੋਵਾਂ ਧਿਰਾਂ ਦੇ ਬਿਆਨ ਦਰਜ ਕੀਤੇ ਗਏ। ਸੰਦੀਪ ਪਾਹਵਾ ਨਾਂ ਦੇ ਵਿਅਕਤੀ ਦਾ ਦੋਸ਼ ਹੈ ਕਿ ਐਕਸਾਈਜ਼ ਵਿਭਾਗ ਦੀ ਟੀਮ ਦੇ ਨਾਲ ਕੁਝ ਅਪਰਾਧਿਕ ਕਿਸਮ ਦੇ ਲੋਕ ਆਏ, ਜਿਨ੍ਹਾਂ ਨੇ ਘਰ ਵਿਚ ਦਾਖਲ ਹੋ ਕੇ ਔਰਤਾਂ ਨਾਲ ਛੇੜਛਾੜ ਕੀਤੀ। ਹਾਲਾਂਕਿ ਸ਼ਰਾਬ ਸਮੱਗਲਿੰਗ ਨੂੰ ਲੈ ਕੇ ਪਾਹਵਾ ਨੇ ਕੋਈ ਟਿੱਪਣੀ ਨਹੀਂ ਕੀਤੀ ਪਰ ਉਸ ਦਾ ਦੋਸ਼ ਹੈ ਕਿ ਇਕ ਟੀਮ ਗ਼ਲਤ ਢੰਗ ਨਾਲ ਘਰ ਵਿਚ ਦਾਖਲ ਹੋਈ। ਪਾਹਵਾ ਲੰਮੇ ਸਮੇਂ ਤੋਂ ਸ਼ਰਾਬ ਸਮੱਗਲਿੰਗ ਦੇ ਧੰਦੇ ਨਾਲ ਜੁੜਿਆ ਹੋਇਆ ਹੈ। ਉਧਰ ਸਰੋਤਾਂ ਦੀ ਮੰਨੀਏ ਤਾਂ ਐਕਸਾਈਜ਼ ਵਿਭਾਗ ਨੇ ਰੇਡ ਕਰਨ ਤੋਂ ਪਹਿਲਾਂ ਸੰਬੰਧਿਤ ਥਾਣੇ ਵਿਚ ਕੋਈ ਸੂਚਨਾ ਨਹੀਂ ਦਿੱਤੀ। ਜੇਕਰ ਪੁਲਸ ਪਾਰਟੀ ਨਾਲ ਹੁੰਦੀ ਤਾਂ ਅਜਿਹਾ ਕਾਰਾ ਨਾ ਹੁੰਦਾ। ਐਕਸਾਈਜ਼ ਵਿਭਾਗ ਦਾ ਕਹਿਣਾ ਹੈ ਕਿ ਪੁਲਸ ਨਾਲ ਮਿਲੀ ਹੋਈ ਹੈ, ਇਸੇ ਲਈ ਸਮੱਗਲਿੰਗ ਹੁੰਦੀ ਹੈ। ਜੇਕਰ ਪੁਲਸ ਨੂੰ ਸੂਚਨਾ ਦਿੱਤੀ ਜਾਂਦੀ ਤਾਂ ਕੁਝ ਨਾ ਮਿਲਦਾ। ਸਰੋਤਾਂ ਦੀ ਮੰਨੀਏ ਤਾਂ ਵੈਸਟ ਹਲਕੇ ਵਿਚ ਜੋ ਵੀ ਕਾਰਨਾਮੇ ਹੋ ਰਹੇ ਹਨ, ਉਸ ਦਾ ਮਾਲਕ ਸੈਂਟਾ ਬਣਿਆ ਹੋਇਆ ਹੈ। ਦਰਅਸਲ ਇਹ ਸੈਂਟਾ ਪੀ. ਸੀ. ਆਰ. ਦਾ ਕਰਮਚਾਰੀ ਹੈ, ਜਿਸ ਨੂੰ ਜਿਵੇਂ ਹੀ ਕੋਈ ਵਾਕੀ-ਟਾਕੀ ’ਤੇ ਇਨਫ਼ਾਰਮੇਸ਼ਨ ਆਉਂਦੀ ਹੈ ਤਾਂ ਇਹ ਲੀਕ ਕਰ ਦਿੰਦਾ ਹੈ। ਸਰੋਤਾਂ ਦੀ ਮੰਨੀਏ ਤਾਂ ਇਸ ਦੇ ਇਸ਼ਾਰੇ ’ਤੇ ਜੂਏ ਦੇ ਅੱਡੇ ਵੀ ਚੱਲ ਰਹੇ ਹਨ। ਕਈ ਨਾਮੀ ਗੈਂਗਸਟਰ ਇਸ ਦੇ ਇਸ਼ਾਰੇ ’ਤੇ ਆਪਣਾ ਜੂਏ ਦਾ ਅੱਡਾ ਚਲਾ ਰਹੇ ਹਨ। ਕਈ ਵਾਰ ਤਾਂ ਇਹ ਲੋਕ ਜੂਏ ਦੇ ਅੱਡੇ ਦੇ ਬਾਹਰ ਨਾਕਾਬੰਦੀ ਕਰ ਕੇ ਅੱਡੇ ਨੂੰ ਪ੍ਰੋਟੈਕਟ ਕਰਦੇ ਹਨ। ਜੇਕਰ ਅਜਿਹੇ ਮੁਲਾਜ਼ਮ ਫ਼ੀਲਡ ਵਿਚ ਰਹੇ ਤਾਂ ਇਹ ਪੁਲਸ ਦੇ ਗਲੇ ਦੀ ਹੱਡੀ ਵੀ ਬਣ ਸਕਦੇ ਹਨ।

