Gurpatwant Singh Pannu’s big announcement from Lahore Press Club, claims to create ‘Sikh Homeland Security’
ਲਾਹੌਰ ਪ੍ਰੈੱਸ ਕਲੱਬ ਤੋਂ ਗੁਰਪਤਵੰਤ ਸਿੰਘ ਪੰਨੂ ਦਾ ਵੱਡਾ ਐਲਾਨ, ‘Sikh Homeland Security’ ਬਣਾਉਣ ਦਾ ਦਾਅਵਾ
ਲਾਹੌਰ/ਵਾਸ਼ਿੰਗਟਨ (ਆਵਾਜ਼ਿ ਕੌਮ ਬਿਊਰੋ)-ਖ਼ਾਲਿਸਤਾਨ ਰੈਫਰੈਂਡਮ ਮੁਹਿੰਮ ਚਲਾ ਰਹੀ ਸਿੱਖਸ ਫਾਰ ਜਸਟਿਸ (SFJ) ਦੇ ਜਨਰਲ ਕੌਂਸਲ ਗੁਰਪਤਵੰਤ ਸਿੰਘ ਪੰਨੂ ਨੇ ਲਾਹੌਰ ਪ੍ਰੈੱਸ ਕਲੱਬ ਦੇ “Meet The Press” ਮੰਚ ਰਾਹੀਂ “Sikh Homeland Security” (SHS) ਨਾਂ ਹੇਠ ਸਿੱਖਾਂ ਦੀ ਸੁਰੱਖਿਆ ਲਈ ਇੱਕ ਨਵਾਂ ਢਾਂਚਾ ਕਾਇਮ ਕਰਨ ਦਾ ਐਲਾਨ ਕੀਤਾ ਹੈ। ਪੰਨੂ ਨੇ ਇਸ ਪਹਿਲ ਨੂੰ ਸੰਯੁਕਤ ਰਾਸ਼ਟਰ ਦੇ ਚਾਰਟਰ ਅਤੇ ਸਵੈ-ਨਿਰਣੇ ਦੇ ਸਿਧਾਂਤ ਨਾਲ ਜੋੜਦਿਆਂ ਇਸ ਨੂੰ ਇੱਕ “ਡਿਫੈਂਸਿਵ ਫੋਰਸ” ਵਜੋਂ ਪੇਸ਼ ਕੀਤਾ ਹੈ। ਵਰਚੁਅਲ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਗੁਰਪਤਵੰਤ ਸਿੰਘ ਪੰਨੂ ਨੇ ਦਾਅਵਾ ਕੀਤਾ ਕਿ “Sikh Homeland Security” ਦਾ ਮਕਸਦ ਕਿਸੇ ਵਿਰੁੱਧ ਹਮਲਾਵਰ ਕਾਰਵਾਈ ਕਰਨਾ ਨਹੀਂ, ਸਗੋਂ ਸਿੱਖਾਂ ਦੀ ਸੁਰੱਖਿਆ ਲਈ ਇੱਕ ਰੱਖਿਆਤਮਕ ਢਾਂਚੇ ਵਜੋਂ ਕੰਮ ਕਰਨਾ ਹੋਵੇਗਾ। ਗੁਰਪਤਵੰਤ ਸਿੰਘ ਪੰਨੂ ਨੇ ਇਸ ਪਹਿਲ ਨੂੰ ਸਿੱਖਾਂ ਦੇ ਸਵੈ-ਨਿਰਣੇ ਦੇ ਹੱਕ ਨਾਲ ਵੀ ਜੋੜਿਆ। ਪ੍ਰੈੱਸ ਕਾਨਫਰੰਸ ਦੌਰਾਨ ਸਵਾਲਾਂ ਦੇ ਜਵਾਬ ਦਿੰਦਿਆਂ ਖ਼ਾਲਿਸਤਾਨ ਦੇ ਮੁੱਦੇ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਉਭਾਰਦਿਆਂ ਕਿਹਾ ਕਿ ਸਿੱਖਾਂ ਦੇ ਰਾਜਨੀਤਕ ਭਵਿੱਖ ਦਾ ਫ਼ੈਸਲਾ ਸਵੈ-ਨਿਰਣੇ ਦੇ ਸਿਧਾਂਤ ਤਹਿਤ ਹੋਣਾ ਚਾਹੀਦਾ ਹੈ। ਉਸ ਨੇ ਵੱਖ-ਵੱਖ ਦੇਸ਼ਾਂ ਵਿੱਚ ਚਲਾਈ ਜਾ ਰਹੀ ਖ਼ਾਲਿਸਤਾਨ ਰੈਫਰੈਂਡਮ ਮੁਹਿੰਮ ਨੂੰ ਵੀ ਇਸੇ ਰਾਜਨੀਤਕ ਮੰਗ ਦਾ ਹਿੱਸਾ ਦੱਸਿਆ। ਜ਼ਿਕਰਯੋਗ ਹੈ ਕਿ ਗੁਰਪਤਵੰਤ ਸਿੰਘ ਪੰਨੂ ਨੇ 10 ਅਗਸਤ 2025 ਨੂੰ ਵੀ ਲਾਹੌਰ ਪ੍ਰੈੱਸ ਕਲੱਬ ਦੇ “Meet The Press” ਪ੍ਰੋਗਰਾਮ ਨੂੰ ਵਾਸ਼ਿੰਗਟਨ ਤੋਂ ਵੀਡੀਓ ਲਿੰਕ ਰਾਹੀਂ ਸੰਬੋਧਨ ਕੀਤਾ ਸੀ। ਉਸ ਸਮੇਂ ਪ੍ਰਸਤਾਵਿਤ ਖ਼ਾਲਿਸਤਾਨ ਦਾ ਨਵਾਂ ਨਕਸ਼ਾ ਵੀ ਪੇਸ਼ ਕੀਤਾ ਗਿਆ ਸੀ।
ਭਾਰਤ ਸਰਕਾਰ ਅਤੇ SFJ ਦਾ ਖ਼ਾਲਿਸਤਾਨ ਰੈਫਰੈਂਡਮ ਦੇ ਮੁੱਦੇ ’ਤੇ ਰੁਖ ਇੱਕ-ਦੂਜੇ ਦੇ ਬਿਲਕੁਲ ਉਲਟ ਹੈ। ਭਾਰਤ ਸਰਕਾਰ ਨੇ ਸਿੱਖਸ ਫਾਰ ਜਸਟਿਸ ਨੂੰ UAPA ਤਹਿਤ ਪਾਬੰਦੀਸ਼ੁਦਾ ਸੰਗਠਨ ਐਲਾਨਿਆ ਹੋਇਆ ਹੈ ਅਤੇ ਗੁਰਪਤਵੰਤ ਸਿੰਘ ਪੰਨੂ ਸਮੇਤ ਪੱਤਰਕਾਰਾਂ , ਵਕੀਲਾਂ ਤੇ ਦਰਜਨਾਂ ਕਾਰਕੁਨਾਂ ਤੇ UAPA ਤਹਿਤ ਐਨ ਆਈ ਏ ਵੱਲੋਂ ਦੇਸ਼ ਦੇ ਦੁਸ਼ਮਣ ਕਹਿ ਕੇਸ ਦਰਜ ਹਨ। ਗੁਰਪਤਵੰਤ ਸਿੰਘ ਪੰਨੂ ਅਤੇ SFJ ਨਾਲ ਸਬੰਧਤ ਵੱਖ-ਵੱਖ ਮਾਮਲਿਆਂ ਵਿੱਚ ਭਾਰਤੀ ਜਾਂਚ ਏਜੰਸੀਆਂ ਵੱਲੋਂ ਕਾਨੂੰਨੀ ਕਾਰਵਾਈਆਂ ਵੀ ਕੀਤੀਆਂ ਗਈਆਂ ਹਨ। ਦੂਜੇ ਪਾਸੇ ਗੁਰਪਤਵੰਤ ਸਿੰਘ ਪੰਨੂ ਅਤੇ SFJ ਆਪਣੀ ਖ਼ਾਲਿਸਤਾਨ ਰੈਫਰੈਂਡਮ ਮੁਹਿੰਮ ਨੂੰ ਸਿੱਖਾਂ ਦੇ ਸਵੈ-ਨਿਰਣੇ ਨਾਲ ਜੁੜੀ ਅਹਿੰਸਕ ਅਤੇ ਲੋਕਤੰਤਰੀ ਰਾਜਨੀਤਕ ਮੁਹਿੰਮ ਵਜੋਂ ਪੇਸ਼ ਕਰਦੇ ਆ ਰਹੇ ਹਨ।
“Sikh Homeland Security” ਦੇ ਐਲਾਨ ਨਾਲ ਹੁਣ ਇਸ ਮੁਹਿੰਮ ਵਿੱਚ ਸਿੱਖਾਂ ਦੀ ਸੁਰੱਖਿਆ ਨਾਲ ਜੁੜਿਆ ਇੱਕ ਨਵਾਂ ਪਹਿਲੂ ਵੀ ਸਾਹਮਣੇ ਆਇਆ ਹੈ। ਇਸ ਕਾਰਨ ਆਉਣ ਵਾਲੇ ਸਮੇਂ ਵਿੱਚ ਭਾਰਤ ਸਮੇਤ ਉਨ੍ਹਾਂ ਦੇਸ਼ਾਂ ਵਿੱਚ ਵੀ ਸਿਆਸੀ ਅਤੇ ਕਾਨੂੰਨੀ ਚਰਚਾ ਤੇਜ਼ ਹੋ ਸਕਦੀ ਹੈ, ਜਿੱਥੇ SFJ ਆਪਣੀਆਂ ਸਰਗਰਮੀਆਂ ਅਤੇ ਰੈਫਰੈਂਡਮ ਮੁਹਿੰਮ ਚਲਾ ਰਹੀ ਹੈ। ਲਾਹੌਰ ਪ੍ਰੈੱਸ ਕਲੱਬ ਤੋਂ ਹੋਏ ਇਸ ਐਲਾਨ ਤੋਂ ਬਾਅਦ ਹੁਣ ਨਜ਼ਰ ਇਸ ਗੱਲ ’ਤੇ ਰਹੇਗੀ ਕਿ “Sikh Homeland Security” ਸਿਰਫ਼ ਇੱਕ ਸਿਆਸੀ ਐਲਾਨ ਤੱਕ ਸੀਮਤ ਰਹਿੰਦੀ ਹੈ ਜਾਂ SFJ ਇਸ ਦੀ ਬਣਤਰ, ਮੈਂਬਰਸ਼ਿਪ, ਕਾਰਜ-ਖੇਤਰ ਅਤੇ ਕਾਨੂੰਨੀ ਹੈਸੀਅਤ ਬਾਰੇ ਕੋਈ ਰਸਮੀ ਖਾਕਾ ਵੀ ਸਾਹਮਣੇ ਲਿਆਉਂਦੀ ਹੈ।

