Haryanvi singer Ankit murder case: Both shooters killed in police encounter
ਹਰਿਆਣਵੀ ਗਾਇਕ ਅੰਕਿਤ ਕਤਲਕਾਂਡ: ਪੁਲਸ ਐਨਕਾਊਂਟਰ ‘ਚ ਦੋਵੇਂ ਸ਼ੂਟਰ ਢੇਰ
ਸ਼ਾਮਲੀ (ਆਵਾਜ਼ਿ ਕੌਮ ਬਿਊਰੋ)- ਮਰਹੂਮ ਹਰਿਆਣਵੀ ਗਾਇਕ ਅੰਕਿਤ ਬਾਲੀਅਨ ਦੇ ਕਤਲ ਮਾਮਲੇ ਵਿੱਚ ਪੁਲਸ ਵਲੋਂ ਅੱਜ ਵੱਡੀ ਕਾਰਵਾਈ ਕੀਤੀ ਗਈ। ਪੁਲਸ ਨੇ ਗਾਇਕ ਅੰਕਿਤ ਦਾ ਕਤਲ ਕਰਨ ਵਾਲੇ ਦੋ ਸ਼ੂਟਰਾਂ ਦਾ ਪੁਲਸ ਮੁਕਾਬਲੇ ਵਿਚ ਅੱਜ ਐਨਕਾਉਂਟਰ ਕਰ ਦਿੱਤਾ। ਸ਼ਾਮਲੀ ਦੇ ਕੋਤਵਾਲੀ ਖੇਤਰ ਵਿੱਚ ਅਪਰਾਧੀਆਂ, ਪੁਲਸ ਅਤੇ ਉੱਤਰ ਪ੍ਰਦੇਸ਼ ਸਪੈਸ਼ਲ ਟਾਸਕ ਫੋਰਸ (ਯੂਪੀ ਐਸਟੀਐਫ) ਵਿਚਕਾਰ ਮੁਕਾਬਲਾ ਹੋਇਆ ਸੀ, ਜਿਸ ਦੌਰਾਨ ਚੱਲੀਆਂ ਗੋਲੀਆਂ ਦੌਰਾਨ ਦੋਵਾਂ ਬਦਮਾਸ਼ਾਂ ਦੀ ਮੌਤ ਹੋ ਗਈ। ਪੁਲਸ ਅਨੁਸਾਰ ਮੁਕਾਬਲੇ ਵਿੱਚ ਦੋ ਸ਼ੂਟਰ ਸੁਮਿਤ ਅਤੇ ਮੋਹਿਤ ਮਾਰੇ ਗਏ ਹਨ, ਜੋ ਅੰਕਿਤ ਦੇ ਕਤਲ ਮਾਮਲੇ ਵਿੱਚ ਸ਼ਾਮਲ 4 ਸ਼ੂਟਰਾਂ ਵਿੱਚੋਂ ਸਨ। ਮਿਲੀ ਜਾਣਕਾਰੀ ਮੁਤਾਬਕ ਪੁਲਸ ਨੇ ਦੋਵਾਂ ਸ਼ੂਟਰਾਂ ਦੀ ਜਾਣਕਾਰੀ ਦੇਣ ਵਾਲੇ ਲਈ 50,000 ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ। ਪੁਲਸ ਨੂੰ ਸਵੇਰੇ 4 ਵਜੇ ਗੁਪਤ ਸੂਚਨਾ ਮਿਲੀ ਕਿ ਅੰਕਿਤ ਬਾਲੀਆਂ ਕਤਲ ਕਾਂਡ ਵਿੱਚ ਸ਼ਾਮਲ ਦੋ ਸ਼ੂਟਰ ਸ਼ਾਮਲੀ ਵੱਲ ਆ ਰਹੇ ਹਨ। ਇਸ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਅਤੇ ਸਪੈਸ਼ਲ ਟਾਸਕ ਫੋਰਸ (STF) ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਇਸ ਦੌਰਾਨ, ਅਪਰਾਧੀਆਂ ਨੇ ਹੋਟਲ ਰਾਜਮਹਿਲ ਦੇ ਨੇੜੇ ਪੁਲਿਸ ‘ਤੇ ਗੋਲੀਬਾਰੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇਸ ਮੁਕਾਬਲੇ ਦੌਰਾਨ ਦੋ ਪੁਲਸ ਮੁਲਾਜ਼ਮਾਂ ਨੂੰ ਵੀ ਗੋਲੀ ਲੱਗੀ ਹੈ, ਜਿਨ੍ਹਾਂ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਭੇਜਿਆ ਗਿਆ ਹੈ।

