Health fraud: 280 medicine samples fail across the country, fake medicine caught in Bihar
ਸਿਹਤ ਨਾਲ ਖਿਲਵਾੜ: ਦੇਸ਼ ਭਰ ‘ਚ 280 ਦਵਾਈਆਂ ਦੇ ਸੈਂਪਲ ਫੇਲ੍ਹ, ਬਿਹਾਰ ‘ਚ ਫੜੀ ਗਈ ਨਕਲੀ ਦਵਾਈ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਦਵਾਈਆਂ ਦੀ ਗੁਣਵੱਤਾ ’ਤੇ ਨਜ਼ਰ ਰੱਖਣ ਲਈ ਚੱਲ ਰਹੀ ਨਿਯਮਤ ਨਿਗਰਾਨੀ ਵਿਚ ਜੁਲਾਈ 2026 ਵਿਚ 280 ਦਵਾਈਆਂ ਦੇ ਨਮੂਨੇ ਮਿਆਰਾਂ ’ਤੇ ਖਰੇ ਨਹੀਂ ਉਤਰੇ। ਕੇਂਦਰੀ ਦਵਾਈ ਪ੍ਰਯੋਗਸ਼ਾਲਾਵਾਂ ਨੇ 40 ਅਤੇ ਸੂਬਾ ਦਵਾਈ ਪ੍ਰੀਖਣ ਪ੍ਰਯੋਗਸ਼ਾਲਾਵਾਂ ਨੇ 240 ਨਮੂਨਿਆਂ ਨੂੰ ‘ਨਾਟ ਫ਼ਾਰ ਸਟੈਂਡਰਡ ਕੁਆਲਿਟੀ’ (ਐੱਨ. ਐੱਸ. ਕਿਊ.) ਐਲਾਨ ਕੀਤਾ ਹੈ। ਹਾਲਾਂਕਿ, ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਨਮੂਨੇ ਦੇ ਐੱਨ. ਐੱਸ. ਕਿਊ. ਪਾਏ ਜਾਣ ਦਾ ਮਤਲਬ ਇਹ ਨਹੀਂ ਹੈ ਕਿ ਉਸੇ ਦਵਾਈ ਦੇ ਸਾਰੇ ਬੈਚ ਖ਼ਰਾਬ ਹਨ। ਜਾਂਚ ਵਿਚ ਕਮੀ ਸਿਰਫ਼ ਪਰਖੇ ਗਏ ਵਿਸ਼ੇਸ਼ ਬੈਚ ਦੇ ਗੁਣਵੱਤਾ ਮਿਆਰਾਂ ਵਿਚ ਮਿਲੀ ਹੈ। ਇਸ ਤੋਂ ਇਲਾਵਾ ਬਿਹਾਰ ਤੋਂ ਇਕ ਦਵਾਈ ਦਾ ਨਮੂਨਾ ‘ਸਪੂਰੀਅਸ’ ਭਾਵ ਨਕਲੀ ਪਾਇਆ ਗਿਆ। ਇਹ ਦਵਾਈ ਅਣ-ਅਧਿਕਾਰਤ ਨਿਰਮਾਤਾ ਵੱਲੋਂ ਕਿਸੇ ਦੂਜੀ ਕੰਪਨੀ ਦੇ ਮਲਕੀਅਤ ਵਾਲੇ ਬ੍ਰਾਂਡ ਨਾਂ ਦੀ ਵਰਤੋਂ ਕਰ ਕੇ ਬਣਾਈ ਗਈ ਸੀ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਸਬੰਧਤ ਲੋਕਾਂ ਦੇ ਖ਼ਿਲਾਫ ‘ਡਰੱਗਜ਼ ਐਂਡ ਕਾਸਮੈਟਿਕਸ ਐਕਟ’ ਅਤੇ ਨਿਯਮਾਂ ਤਹਿਤ ਕਾਰਵਾਈ ਕੀਤੀ ਜਾਵੇਗੀ। ਕੇਂਦਰੀ ਦਵਾਈ ਮਿਆਰ ਕੰਟਰੋਲ ਸੰਗਠਨ (ਸੀ. ਡੀ. ਐੱਸ. ਸੀ. ਓ.) ਅਤੇ ਸੂਬਾ ਰੈਗੂਲੇਟਰੀ ਏਜੰਸੀਆਂ ਨਿਯਮਤ ਰੂਪ ਵਿਚ ਦਵਾਈਆਂ ਦੇ ਨਮੂਨੇ ਜਾਂਚਦੀਆਂ ਹਨ।

