Heartbreaking accident in Gwalior: Vehicle full of laborers collides with truck, 8 people die
ਗਵਾਲੀਅਰ ‘ਚ ਰੂਹ ਕੰਬਾਊ ਹਾਦਸਾ: ਮਜ਼ਦੂਰਾਂ ਨਾਲ ਭਰੀ ਗੱਡੀ ਟਰੱਕ ਨਾਲ ਟਕਰਾਈ, 8 ਲੋਕਾਂ ਦੀ ਮੌਤ
ਗਵਾਲੀਅਰ (ਆਵਾਜ਼ਿ ਕੌਮ ਬਿਊਰੋ)- ਮੱਧ ਪ੍ਰਦੇਸ਼ ਦੇ ਗਵਾਲੀਅਰ ਵਿੱਚ ਦੇਰ ਰਾਤ ਇੱਕ ਵੱਡਾ ਸੜਕ ਹਾਦਸਾ ਵਾਪਰ ਗਿਆ। ਰਾਸ਼ਟਰੀ ਰਾਜਮਾਰਗ-79 ‘ਤੇ ਅੱਧੀ ਰਾਤ ਦੇ ਕਰੀਬ ਮਜ਼ਦੂਰਾਂ ਨਾਲ ਭਰੀ ਇੱਕ ਲੋਡਿੰਗ ਗੱਡੀ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਗੱਡੀ ਪਲਟ ਗਈ। ਹਾਦਸੇ ਵਿੱਚ 8 ਲੋਕਾਂ ਦੀ ਮੌਤ ਹੋ ਗਈ, ਜਦੋਂਕਿ ਲਗਭਗ 25 ਮਜ਼ਦੂਰ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਤੁਰੰਤ ਗਵਾਲੀਅਰ ਦੇ ਜੈ ਅਰੋਗਿਆ ਹਸਪਤਾਲ ਦੇ ਟਰਾਮਾ ਸੈਂਟਰ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪੁਲਸ ਅਧਿਕਾਰੀ ਰਾਮ ਮਹੇਸ਼ ਯਾਦਵ ਅਨੁਸਾਰ, ਇਹ ਸਾਰੇ ਮਜ਼ਦੂਰ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸਨ। ਉਹ ਡਬਰਾ ਖੇਤਰ ਦੇ ਚਿਨੌਰ ਇਲਾਕੇ ਵਿੱਚ ਝੋਨੇ ਦੀ ਲਵਾਈ (ਪਨੀਰੀ ਲਗਾਉਣ) ਦਾ ਕੰਮ ਖ਼ਤਮ ਕਰਨ ਤੋਂ ਬਾਅਦ ਆਪਣੇ ਘਰਾਂ ਨੂੰ ਪਰਤ ਰਹੇ ਸਨ। ਰਸਤੇ ਵਿੱਚ ਚਿਨਕਾ ਨੇੜੇ ਉਨ੍ਹਾਂ ਦਾ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਟੱਕਰ ਤੋਂ ਬਾਅਦ ਚੀਕ-ਚਿਹਾੜਾ ਮੱਚ ਗਿਆ। ਸੂਚਨਾ ਮਿਲਦੇ ਹੀ ਪੁਲਸ ਨੇ ਰਾਹਗੀਰਾਂ ਦੀ ਮਦਦ ਨਾਲ ਵਾਹਨਾਂ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਿਆ। 5 ਮਜ਼ਦੂਰਾਂ ਦੀ ਮੌਤ ਗੋਹਦ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਹੋ ਗਈ ਸੀ, ਜਦਕਿ ਤਿੰਨ ਹੋਰਨਾਂ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।

