Plane collides with vehicle on runway, chaos at Jaipur airport
ਰਨਵੇਅ ‘ਤੇ ਵਾਹਨ ਨਾਲ ਟਕਰਾਇਆ ਜਹਾਜ਼, ਜੈਪੁਰ ਏਅਰਪੋਰਟ ’ਤੇ ਮਚੀ ਹਫ਼ੜਾ-ਦਫ਼ੜੀ
ਜੈਪੁਰ (ਆਵਾਜ਼ਿ ਕੌਮ ਬਿਊਰੋ)-ਜੈਪੁਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਇਕ ਮਾਈਕ੍ਰੋਲਾਈਟ ਏਅਰਕ੍ਰਾਫਟ (ਛੋਟਾ ਜਹਾਜ਼) ਨਾਲ ਉਸ ਸਮੇਂ ਹਾਦਸਾ ਵਾਪਰ ਗਿਆ, ਜਦੋਂ ਹਵਾਈ ਪੱਟੜੀ ਵੱਲ ਲਿਜਾਂਦੇ ਸਮੇਂ ਜਹਾਜ਼ ਗਰਾਊਂਡ ਹੈਂਡਲਿੰਗ ਵਾਹਨ ਨਾਲ ਟੱਕਰਾਅ ਗਿਆ। ਜਹਾਜ਼ ਨੂੰ ਕੁਝ ਨੁਕਸਾਨ ਪਹੁੰਚਿਆ ਹੈ। ਖੁਸ਼ਕਿਸਮਤੀ ਨਾਲ ਪਾਇਲਟ ਅਤੇ ਟ੍ਰੇਨੀ ਐੱਨ. ਸੀ. ਸੀ. ਕੈਡੇਟ ਵਾਲ-ਵਾਲ ਬੱਚ ਗਏ। ਇਹ ਘਟਨਾ ਸਵੇਰੇ 9 ਵਜੇ ਦੇ ਕਰੀਬ ਵਾਪਰੀ। ਜਹਾਜ਼ ਨੂੰ ਪਾਰਕਿੰਗ ਏਰੀਆ (ਹੈਂਗਰ) ਤੋਂ ਟ੍ਰੇਨਿੰਗ ਫਲਾਈਟ ਲਈ ਪੱਟੜੀ ਵੱਲ ਲਿਜਾਇਆ ਜਾ ਰਿਹਾ ਸੀ। ਜਾਣਕਾਰੀ ਮੁਤਾਬਕ ਇਸ ਜਹਾਜ਼ ਵਿਚ ਪਾਇਲਟ ਤੇ ਐੱਨ. ਸੀ. ਸੀ. ਦਾ ਇਕ ਕੈਡੇਟ ਸਵਾਰ ਸਨ। ਉਸੇ ਸਮੇਂ ਗਰਾਊਂਡ ਹੈਂਡਲਿੰਗ ਏਜੰਸੀ ਇੰਡੋਥਾਈ ਨਾਲ ਸਬੰਧਤ ਇਕ ਵਾਹਨ ਵੀ ਹਵਾਈ ਅੱਡੇ ਦੇ ਕੰਪਲੈਕਸ ’ਚ ਜਾ ਰਿਹਾ ਸੀ। ਇਸ ਹਾਦਸੇ ਕਾਰਨ ਹਵਾਈ ਅੱਡੇ ’ਤੇ ਮੌਜੂਦ ਅਧਿਕਾਰੀਆਂ ਤੇ ਸਟਾਫ ’ਚ ਘਬਰਾਹਟ ਫੈਲ ਗਈ। ਜਹਾਜ਼ ਅਤੇ ਵਾਹਨ ਨੂੰ ਸੁਰੱਖਿਅਤ ਢੰਗ ਨਾਲ ਵੱਖਰਾ ਕਰ ਦਿੱਤਾ ਗਿਆ। ਸਬੰਧਤ ਅਧਿਕਾਰੀਆਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ। ਤਕਨੀਕੀ ਜਾਂਚ ਤੋਂ ਬਾਅਦ ਹੀ ਜਹਾਜ਼ ਦੇ ਦੁਬਾਰਾ ਉਡਾਣ ਲਈ ਤਿਆਰ ਹੋਣ ਦੀ ਉਮੀਦ ਹੈ। ਦੱਸ ਦੇਈਏ ਕਿ ਇਸ ਹਾਦਸੇ ਤੋਂ ਬਾਅਦ ਹਵਾਈ ਅੱਡੇ ਦੇ ਸੰਚਾਲਨ ਕੰਟਰੋਲ ਕੇਂਦਰ ਤੇ ਜ਼ਮੀਨੀ ਵਾਹਨ ਪ੍ਰਬੰਧਨ ਦੇ ਕੰਮਕਾਜ ਬਾਰੇ ਸਵਾਲ ਉਠਾਏ ਜਾ ਰਹੇ ਹਨ। ਹਵਾਈ ਅੱਡੇ ਦੇ ਪਾਰਕਿੰਗ ਖੇਤਰ ’ਚ ਜਹਾਜ਼ਾਂ ਅਤੇ ਜ਼ਮੀਨੀ ਵਾਹਨਾਂ ਦੀ ਆਵਾਜਾਈ ਦੌਰਾਨ ਸੁਰੱਖਿਆ ਪੈਮਾਨੇ ਅਤੇ ਤਾਲਮੇਲ ਅਹਿਮ ਭੂਮਿਕਾ ਨਿਭਾਉਂਦੇ ਹਨ। ਜ਼ਮੀਨੀ ਵਾਹਨ ਪ੍ਰਬੰਧਨ ’ਚ ਖਾਮੀਆਂ ਦੇ ਇਸ ਹਾਦਸੇ ਦਾ ਕਾਰਨ ਹੋਣ ਦਾ ਸ਼ੱਕ ਹੈ।

