Horrific collision between 2 trains! Many dead, over 100 injured; Cairo plunged into mourning
2 ਟਰੇਨਾਂ ਦੀ ਹੋ ਗਈ ਭਿਆਨਕ ਟੱਕਰ ! ਕਈ ਲੋਕਾਂ ਦੀ ਮੌਤ, 100 ਤੋਂ ਵੱਧ ਜ਼ਖ਼ਮੀ, ਕਾਹਿਰਾ ‘ਚ ਛਾਇਆ ਮਾਤਮ
Misar, (ਆਵਾਜ਼ਿ ਕੌਮ ਬਿਊਰੋ)-ਮਿਸਰ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੇ ਰਾਜਧਾਨੀ ਕਾਹਿਰਾ ਤੋਂ ਲਗਭਗ 76 ਕਿਲੋਮੀਟਰ ਦੂਰ ਗੀਜ਼ਾ ਸੂਬੇ ਦੇ ਅਲ-ਅਯਾਤ ਇਲਾਕੇ ‘ਚ ਐਤਵਾਰ ਨੂੰ ਦੋ ਯਾਤਰੀ ਰੇਲਗੱਡੀਆਂ ਦੀ ਭਿਆਨਕ ਟੱਕਰ ਕਾਰਨ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ, ਜਦਕਿ 100 ਤੋਂ ਵੱਧ ਯਾਤਰੀ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ ਹਨ। ਮਿਸਰ ਦੇ ਸਿਹਤ ਮੰਤਰਾਲੇ ਨੇ ਹਾਦਸੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਜ਼ਖ਼ਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਮਿਸਰ ਰੇਲਵੇ ਅਥਾਰਟੀ ਦੇ ਅਨੁਸਾਰ, ਗੀਜ਼ਾ ਤੋਂ ਫੈਯੂਮ ਵੱਲ ਜਾ ਰਹੀ ਇੱਕ ਟਰੇਨ ਨੇ ਕਾਹਿਰਾ ਤੋਂ ਅਸਵਾਨ ਵੱਲ ਜਾ ਰਹੀ ਪਟੜੀ ‘ਤੇ ਖੜ੍ਹੀ ਦੂਜੀ ਯਾਤਰੀ ਰੇਲਗੱਡੀ ਨੂੰ ਪਿੱਛੋਂ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਟੱਕਰ ਕਾਰਨ ਕਈ ਡੱਬੇ ਪਟੜੀ ਤੋਂ ਉੱਤਰ ਗਏ ਤੇ 7 ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ। ਹਾਦਸੇ ਤੋਂ ਬਾਅਦ ਐਮਰਜੈਂਸੀ ਟੀਮਾਂ ਅਤੇ ਕ੍ਰੇਨਾਂ ਦੀ ਮਦਦ ਨਾਲ ਹਾਦਸਾਗ੍ਰਸਤ ਡੱਬਿਆਂ ਨੂੰ ਪਟੜੀ ਤੋਂ ਹਟਾਇਆ ਜਾ ਰਿਹਾ ਹੈ ਤਾਂ ਜੋ ਕਾਹਿਰਾ-ਅੱਪਰ ਇਜਿਪਟ ਰੇਲ ਲਾਈਨ ‘ਤੇ ਟਰੇਨ ਆਵਾਜਾਈ ਨੂੰ ਦੁਬਾਰਾ ਬਹਾਲ ਕੀਤਾ ਜਾ ਸਕੇ। ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਾਹ ਅਲ-ਸੀਸੀ ਨੇ ਇਸ ਭਿਆਨਕ ਰੇਲ ਹਾਦਸੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਤੁਰੰਤ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜਾਂਚ ‘ਚ ਜੋ ਵੀ ਅਧਿਕਾਰੀ ਜਾਂ ਕਰਮਚਾਰੀ ਲਾਪਰਵਾਹ ਪਾਇਆ ਗਿਆ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸਰਕਾਰੀ ਵਕੀਲ ਦੇ ਦਫ਼ਤਰ ਨੇ ਹਾਦਸੇ ਦੇ ਤਕਨੀਕੀ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਮਿਸਰ ਖੇਤਰ ਦਾ ਸਭ ਤੋਂ ਪੁਰਾਣਾ ਅਤੇ ਵੱਡਾ ਰੇਲਵੇ ਨੈੱਟਵਰਕ ਚਲਾਉਂਦਾ ਹੈ, ਜਿੱਥੇ ਅਕਸਰ ਅਜਿਹੇ ਰੇਲ ਹਾਦਸੇ ਵਾਪਰਦੇ ਰਹਿੰਦੇ ਹਨ। ਹਾਲਾਂਕਿ ਸਰਕਾਰ ਨੇ ਰੇਲਵੇ ਦੇ ਆਧੁਨਿਕੀਕਰਨ ਅਤੇ ਨਵੇਂ ਹਾਈ-ਸਪੀਡ ਨੈੱਟਵਰਕ ਲਈ ਅਰਬਾਂ ਈਜਿਪਸ਼ੀਅਨ ਪਾਊਂਡ ਦਾ ਨਿਵੇਸ਼ ਕੀਤਾ ਹੈ, ਪਰ ਪੁਰਾਣੀਆਂ ਲਾਈਨਾਂ ‘ਤੇ ਅਜੇ ਵੀ ਚੁਣੌਤੀਆਂ ਬਰਕਰਾਰ ਹਨ। ਸਾਲ 2002 ‘ਚ ਮਿਸਰ ਦੀ ਇੱਕ ਓਵਰਲੋਡਿਡ ਟਰੇਨ ਦੇ 7 ਡੱਬਿਆਂ ‘ਚ ਲੱਗੀ ਭਿਆਨਕ ਅੱਗ ਲੱਗਣ ਕਾਰਨ 360 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ, ਜੋ ਦੇਸ਼ ਦਾ ਸਭ ਤੋਂ ਭਿਆਨਕ ਰੇਲ ਹਾਦਸਾ ਮੰਨਿਆ ਜਾਂਦਾ ਹੈ।

