Horrific incident in Saharanpur: Tyre factory owner beaten to death with sticks amidst a dispute over pollution
ਸਹਾਰਨਪੁਰ ‘ਚ ਖੌਫ਼ਨਾਕ ਵਾਰਦਾਤ: ਪ੍ਰਦੂਸ਼ਣ ਦੇ ਵਿਵਾਦ ‘ਚ ਟਾਇਰ ਫੈਕਟਰੀ ਮਾਲਕ ਦਾ ਡੰਡਿਆਂ ਨਾਲ ਕੁੱਟ-ਕੁੱਟ ਕੇ ਕਤਲ
ਸਹਾਰਨਪੁਰ (ਆਵਾਜ਼ਿ ਕੌਮ ਬਿਊਰੋ)-ਸਹਾਰਨਪੁਰ ਜ਼ਿਲ੍ਹੇ ਦੇ ਗੰਗੋਹ ਥਾਣਾ ਖੇਤਰ ’ਚ ਸ਼ਨੀਵਾਰ ਰਾਤ ਨੂੰ ਇਕ ਟਾਇਰ ਫੈਕਟਰੀ ਦੇ ਮਾਲਕ ਦਾ ਕਥਿਤ ਤੌਰ ’ਤੇ ਡੰਡਿਆਂ ਨਾਲ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਗਿਆ। ਹਮਲੇ ’ਚ ਉਨ੍ਹਾਂ ਨੂੰ ਬਚਾਉਣ ਆਇਆ ਉਨ੍ਹਾਂ ਦਾ ਭਤੀਜਾ ਵੀ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਪੁਲਸ ਨੇ ਇਸ ਮਾਮਲੇ ’ਚ 3 ਲੋਕਾਂ ਨੂੰ ਹਿਰਾਸਤ ’ਚ ਲਿਆ ਹੈ। ਪੁਲਸ ਮੁਤਾਬਕ, ਘਟਨਾ ਸ਼ਨੀਵਾਰ ਰਾਤ ਲਗਭਗ 10.30 ਵਜੇ ਵਾਪਰੀ। ਮ੍ਰਿਤਕ ਦੀ ਪਛਾਣ ਸ਼ਾਮਲੀ ਜ਼ਿਲ੍ਹੇ ਦੇ ਮੰਨਾਮਾਜਰਾ ਨਿਵਾਸੀ ਅਰਵੀਨ ਚੌਹਾਨ (47) ਵਜੋਂ ਹੋਈ ਹੈ। ਜ਼ਖਮੀ ਭਤੀਜੇ ਸਾਦਿਕ (27) ਨੂੰ ਇਲਾਜ ਲਈ ਪਹਿਲਾਂ ਪ੍ਰਾਇਮਰੀ ਹੈਲਥ ਸੈਂਟਰ ਅਤੇ ਫਿਰ ਜ਼ਿਲਾ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਪੁਲਸ ਸੁਪਰਡੈਂਟ (ਰੂਰਲ) ਮਇਅੰਕ ਪਾਠਕ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਗੰਗੋਹ ਥਾਣੇ ਦੀ ਪੁਲਸ ਮੌਕੇ ’ਤੇ ਪਹੁੰਚੀ। ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਟਾਇਰ ਫੈਕਟਰੀ ਤੋਂ ਨਿਕਲਣ ਵਾਲੇ ਧੂੰਏਂ ਅਤੇ ਪ੍ਰਦੂਸ਼ਣ ਨੂੰ ਲੈ ਕੇ ਆਸ-ਪਾਸ ਦੇ ਪਿੰਡ ਵਾਸੀ ਪ੍ਰੇਸ਼ਾਨ ਸਨ। ਫੈਕਟਰੀ ਹਟਾਉਣ ਦੇ ਮੁੱਦੇ ’ਤੇ ਮਾਲਕ ਅਤੇ ਪਿੰਡ ਵਾਸੀਆਂ ਵਿਚਾਲੇ ਪਹਿਲਾਂ ਵੀ ਬਹਿਸ ਹੋ ਚੁੱਕੀ ਸੀ। ਪੁਲਸ ਅਨੁਸਾਰ, ਇਸੇ ਵਿਵਾਦ ਕਾਰਨ ਕੁਝ ਲੋਕਾਂ ਨੇ ਫੈਕਟਰੀ ਮਾਲਕ ’ਤੇ ਹਮਲਾ ਕਰ ਦਿੱਤਾ। ਬਚਾਅ ਕਰਨ ਪਹੁੰਚੇ ਉਨ੍ਹਾਂ ਦੇ ਭਤੀਜੇ ਨੂੰ ਵੀ ਕੁੱਟਿਆ ਗਿਆ। ਮਾਮਲੇ ’ਚ ਐੱਫ. ਆਈ. ਆਰ. ਦਰਜ ਕਰ ਲਈ ਗਈ ਹੈ ਅਤੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ।

