How did it happen, a person who died 60 years ago got himself registered, the whole family is shocked and worried
ਆ ਕਿਵੇਂ ਹੋ ਗਿਆ, 60 ਸਾਲ ਪਹਿਲਾਂ ਮਰੇ ਵਿਅਕਤੀ ਨੇ ਖੁਦ ਕਰਵਾਈ ਰਜਿਸਟਰੀ, ਪੂਰਾ ਪਰਿਵਾਰ ਹੈਰਾਨ-ਪ੍ਰੇਸ਼ਾਨ
ਝਬਾਲ (ਆਵਾਜ਼ਿ ਕੌਮ ਬਿਊਰੋ)-ਆਮ ਹੀ ਕਈ ਤਰ੍ਹਾਂ ਦੀਆਂ ਚਰਚਾਵਾਂ ਵਿਚ ਰਹਿਣ ਵਾਲੀ ਸਬ ਤਹਿਸੀਲ ਝਬਾਲ ਵਿਖੇ ਇਕ ਨਿਵੇਕਲੀ ਘਟਨਾ ਵਾਪਰੀ ਹੈ, ਜਿੱਥੇ ਇਕ ਲੱਗਭਗ 60 ਸਾਲ ਪਹਿਲਾਂ ਮਰ ਚੁੱਕੇ ਨਜ਼ਦੀਕੀ ਪਿੰਡ ਠੱਟਾ ਦੇ ਵਿਅਕਤੀ ਨੇ ਆ ਕੇ ਤਹਿਸੀਲ ’ਚ ਫੋਟੋ ਖਿਚਵਾਉਂਦੇ ਹੋਏ ਜ਼ਮੀਨ ਦੀ ਰਜਿਸਟਰੀ ਕਰਵਾਈ ਤੇ ਫਿਰ ਪਿੰਡ ’ਚ ਕਿਸੇ ਨੂੰ ਮਿਲੇ ਬਗੈਰ ਹੀ ਗਾਇਬ ਹੋ ਗਿਆ। ਜਿਸ ਸਬੰਧੀ ਪਿੰਡ ਠੱਟਾ ਦੇ ਰਹਿਣ ਵਾਲੇ ਇਕ ਵਿਆਕਤੀ ਸਰਬਦੇਵ ਸਿੰਘ ਪੁੱਤਰ ਲਖਵਿੰਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਬਲਬੀਰ ਕੌਰ ਨੇ ਐੱਸ.ਡੀ.ਐੱਮ. ਤਰਨਤਾਰਨ ਨੂੰ ਦਿੱਤੀ ਸ਼ਿਕਾਇਤ ’ਚ ਜਾਣਕਾਰੀ ਦਿੰਦਿਆਂ ਕਿਹਾ ਕਿ ਸਬ ਤਹਿਸੀਲ ਝਬਾਲ ਵਿਖੇ 27/5/2025 ਨੂੰ ਪਿੰਡ ਠੱਟਾ ਦੀ ਜ਼ਮੀਨ ਦੀ ਰਜਿਸਟਰੀ, ਜਿਹੜੇ ਵਿਅਕਤੀ ਕਿਸ਼ਨ ਸਿੰਘ ਪੁੱਤਰ ਸ਼ਾਮ ਸਿੰਘ ਵਾਸੀ ਠੱਟਾ, ਆਧਾਰ ਕਾਰਡ ਨੰ: 8839 3881 9939 ਰਾਹੀਂ ਮਾਲਕ ਘੋਸ਼ਿਤ ਕਰਕੇ ਕੀਤੀ ਗਈ ਹੈ, ਉਸ ਦੀ ਅੱਜ ਤੋਂ 60 ਸਾਲ ਪਹਿਲਾ ਮੌਤ ਹੋ ਚੁੱਕੀ ਹੈ। ਸਰਬਦੇਵ ਸਿੰਘ ਨੇ ਸਾਰੇ ਦਸਤਾਵੇਜ਼ ਪੇਸ਼ ਕਰਦਿਆਂ ਕਿਹਾ ਕਿ ਉਹ ਇਸ ਜਗ੍ਹਾ ’ਤੇ ਪਿਛਲੇ 30-35 ਸਾਲਾਂ ਤੋਂ ਕਾਬਜ਼ ਹਨ ਤੇ ਲਾਲ ਲਕੀਰ ਅੰਦਰ ਇਹ ਜਗ੍ਹਾ ਹੋਣ ਕਰਕੇ ਉਸ ਪਾਸ ਪੰਚਾਇਤੀ ਤੌਰ ’ਤੇ ਕੀਤੇ ਸੌਦੇ ਦਾ ਅਸ਼ਟਾਮ ਵੀ ਹੈ ਪਰ ਸਬ ਤਹਿਸੀਲ ਝਬਾਲ ’ਚ ਕਥਿਤ ਮਿਲੀਭੁਗਤ ਨਾਲ ਕੁਝ ਵਿਅਕਤੀਆਂ ਵੱਲੋਂ ਮਰੇ ਬੰਦੇ ਦੀ ਜਗ੍ਹਾ ਕੋਈ ਹੋਰ ਬੰਦਾ ਖੜ੍ਹਾ ਕਰਕੇ, ਉਸ ਜਗ੍ਹਾ ਦੀ ਰਜਿਸਟਰੀ ਕਰਵਾ ਲਈ ਹੈ, ਜਿਸ ਕਰਕੇ ਮੇਰਾ ਪਰਿਵਾਰ ਮਾਨਸਿਕ ਤੌਰ ’ਤੇ ਬੇਹੱਦ ਪ੍ਰੇਸ਼ਾਨ ਹੈ, ਜਿਸ ਵਾਸਤੇ ਉਸ ਨੇ ਇਨਸਾਫ ਲਈ ਉੱਚ ਪੱਧਰੀ ਜਾਂਚ ਕਰਾਏ ਜਾਣ ਦੀ ਮੰਗ ਕੀਤੀ ਹੈ। ਜਦੋਂ ਕਿ ਸਬੰਧੀ ਐੱਸ.ਡੀ.ਐੱਮ ਤਰਨਤਾਰਨ ਨੇ ਬਕਾਇਦਾ ਹਰਦੇਵ ਸਿੰਘ ਵੱਲੋਂ ਦਿੱਤੀ ਦਰਖਾਸਤ ਨੂੰ 17/7/26 ਨੂੰ ਨਾਇਬ ਤਹਿਸੀਲਦਾਰ ਝਬਾਲ ਨੂੰ ਮਾਰਕ ਕਰਕੇ ਸਾਰੀ ਰਿਪੋਰਟ ਮੰਗੀ ਹੈ। ਇਸ ਸਬੰਧੀ ਪਿੰਡ ਠੱਟਾ ਦੇ ਨੰਬਰਦਾਰ ਜਰਨੈਲ ਸਿੰਘ ਨਾਲ ਜਦੋਂ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਝਬਾਲ ਤਹਿਸੀਲ ਵਿਚ ਇਹ ਬਿਆਨ ਦਰਜ ਕਰਵਾ ਦਿੱਤੇ ਹਨ ਕਿ ਇਸ ਹੋਈ ਰਜਿਸਟਰੀ ਨੂੰ ਕਿਸੇ ਪਿੰਡ ਦੇ ਨੰਬਰਦਾਰ ਵੱਲੋਂ ਕੋਈ ਤਸਦੀਕ ਨਹੀਂ ਕੀਤਾ, ਜਦੋਂ ਕਿ ਇਸ ਨੂੰ ਬਾਹਰਲੇ ਪਿੰਡ ਦੇ ਨੰਬਰਦਾਰ ਵੱਲੋਂ ਤਸਦੀਕ ਕਰਕੇ ਰਜਿਸਟਰੀ ਕਰਾਈ ਗਈ ਹੈ। ਉਨ੍ਹਾਂ ਕਿਹਾ ਉਕਤ, ਜਿਸ ਵਿਅਕਤੀ ਵੱਲੋਂ ਇਹ ਰਜਿਸਟਰੀ ਕੀਤੀ ਹੈ, ਉਹ ਵਿਅਕਤੀ ਅੱਜ ਤੋਂ 60 ਸਾਲ ਪਹਿਲਾਂ ਮਰ ਚੁੱਕਾ ਹੈ।
ਜਦੋਂ ਇਸ ਸਬੰਧੀ ਸਬ ਤਹਿਸੀਲ ਝਬਾਲ ਦੇ ਨਾਇਬ ਤਹਿਸੀਲਦਾਰ ਰਤਨਜੀਤ ਖੁੱਲਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਰਜਿਸਟਰੀ ਉਨ੍ਹਾਂ ਦੇ ਕਾਰਜਭਾਰ ਸੰਭਾਲਣ ਤੋਂ ਪਹਿਲਾਂ ਹੋਈ ਹੈ, ਜਿਸ ਸਬੰਧੀ ਪੜਤਾਲ ਲਈ ਉਨ੍ਹਾਂ ਪਾਸ ਸ਼ਿਕਾਇਤ ਕਰਤਾ ਦੀ ਸ਼ਿਕਾਇਤ ਪਹੁੰਚ ਚੁੱਕੀ ਹੈ, ਜਿਸ ਸਬੰਧੀ ਉਨ੍ਹਾਂ ਵੱਲੋਂ ਸੰਮਨ ਜਾਰੀ ਕਰਕੇ ਸਾਰਿਆਂ ਦੇ ਬਿਆਨ ਲਏ ਜਾ ਰਹੇ ਹਨ ਅਤੇ ਸਾਰੀ ਪੜਤਾਲ ਕਰਕੇ ਰਿਪੋਰਟ ਉੱਚ ਅਧਿਕਾਰੀਆਂ ਨੂੰ ਸੌਂਪ ਦਿੱਤੀ ਜਾਏਗੀ। ਜੇਕਰ ਦੋਸ਼ ਸਹੀ ਸਾਬਤ ਹੋਏ ਤਾਂ ਰਜਿਸਟਰੀ ਖਾਰਜ ਕਰਕੇ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਕਾਰਵਾਈ ਦੀ ਸ਼ਿਫਾਰਸ ਕੀਤੀ ਜਾਏਗੀ। ਜਦੋਂ ਕਿ ਦੂਸਰੇ ਪਾਸੇ ਰਜਿਸਟਰੀ ਕਰਾਉਣ ਵਾਲੀ ਧਿਰ ਨੇ ਕਿਹਾ ਹੈ ਕਿ ਉਨ੍ਹਾਂ ਨੇ ਸਹੀ ਆਦਮੀ ਕੋਲੋਂ ਹੀ ਰਜਿਸਟਰੀ ਕਰਵਾਈ ਹੈ ਅਤੇ ਰਜਿਸਟਰੀ ਕਰਨ ਵਾਲਾ ਕਿਸ਼ਨ ਸਿੰਘ ਆਪ ਜਿਉਂਦਾ ਹੈ। ਜਦੋਂ ਕਿ ਇਸ ਸਬੰਧੀ ਸਾਡਾ ਅਦਾਲਤੀ ਕੇਸ ਵੀ ਲੱਗਾ ਹੈ।

